ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਕਤੂਬਰ
ਕਰੋਨਾਵਾਇਰਸ ਦੇ ਮੱਦੇਨਜ਼ਰ ਮਾਰਚ ਮਹੀਨੇ ਤੋਂ ਬੰਦ ਪਏ ਸਕੂਲ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਏ ਹਨ। ਅੱਜ ਪਹਿਲੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ 30 ਤੋਂ 35 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦੇਖਣ ਨੂੰ ਮਿਲੀ ਜਦੋਂਕਿ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਸ ’ਚ 70 ਫੀਸਦੀ ਵਿਦਿਆਰਥੀ ਹਾਜ਼ਰ ਹੋਏ। ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ।
ਜ਼ਿਲਾ ਸਿੱਖਿਆ ਅਫ਼ਸਰ (ਸ) ਹਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ’ਚੋਂ ਆਈਆਂ ਰਿਪੋਰਟਾਂ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਵੀ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਹਿੱਤ ਪ੍ਰਬੰਧਾਂ ਨੂੰ ਸੁਚਾਰੂ ਰੂਪ ’ਚ ਨੇਪਰੇ ਚਾੜ੍ਹਨ ’ਚ ਸਰਗਰਮੀ ਦਿਖਾਈ ਗਈ ਜਿਸ ਤਹਿਤ ਪੈਰ ਨਾਲ ਚੱਲਣ ਵਾਲੀ ਸੈਨੇਟਾਈਜ਼ੇਸ਼ਨ ਮਸ਼ੀਨ, ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਸ ਦੇ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਅੱਜ 70 ਫੀਸਦੀ ਵਿਦਿਆਰਥੀ ਪੁੱਜੇ ਅਤੇ ਆਸ ਹੈ ਕਿ ਇਸੇ ਹਸ਼ਤੇ ਸੌ ਫੀਸਦੀ ਬੱਚੇ ਆਉਣ ਲੱਗ ਜਾਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਅੱਜ ਤਕਰੀਬਨ 30 ਫੀਸਦੀ ਵਿਦਿਆਰਥੀ ਹਾਜ਼ਰ ਹੋਏ। ਉੱਧਰ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਤਕਰੀਬਨ 25 ਫੀਸਦੀ ਵਿਦਿਆਰਥੀ ਹਾਜ਼ਰ ਹੋਏ।
ਲਹਿਰਾਗਾਗਾ (ਰਮੇਸ ਭਾਰਦਵਾਜ): ਸੂਬੇ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਪਏ ਸਰਕਾਰੀ ਸਕੂਲ ਅੱਜ ਖੁੱਲ੍ਹ ਗਏ ਹਨ ਪਰ ਮਾਪਿਆਂ ਵਿੱਚ ਮਹਾਮਾਰੀ ਦਾ ਡਰ ਬਰਕਰਾਰ ਹੋਣ ਕਰ ਕੇ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਗਿਣਤੀ ਦੇ ਵਿਦਿਆਰਥੀ ਹੀ ਪਹੁੰਚੇ। ਇੱਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਸਿਰਫ਼ 45 ਫੀਸਦੀ 250 ਵਿਦਿਆਰਥੀ ਪਹੁੰਚੇ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਹੋਰਨਾਂ ਸਕੂਲਾਂ ਵਿੱਚ ਵੀ ਬੱਚਿਆਂ ਦੀ ਹਾਜ਼ਰੀ ਕਾਫੀ ਘੱਟ ਰਹੀ।
ਦੇੇਵੀਗੜ੍ਹ (ਮੁਖ਼ਤਿਆਰ ਸਿੰਘ ਨੌਗਾਵਾਂ): ਇੱਥੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਮਾਪਿਆਂ ਦੀ ਸਹਿਮਤੀ ਨਾਲ ਅੱਜ ਸਕੂਲ ਪਹੁੰਚੇ ਉਨ੍ਹਾਂ ਦੀਆਂ ਪਹਿਲੇ ਦਿਨ ਕਲਾਸਾਂ ਲੱਗੀਆਂ। ਕਲਾਸਾਂ ਵਿੱਚ 6 ਫੁੱਟ ਦੀ ਦੂਰੀ ਰੱਖ ਕੇ, ਮਾਸਕ ਪਵਾ ਕੇ ਅਤੇ ਸੈਨੀਟੇਸ਼ਨ ਦਾ ਪੂਰਾ ਧਿਆਨ ਰੱਖਦਿਆਂ ਕਲਾਸਾਂ ਲਗਾਈਆਂ ਗਈਆਂ। ਕਾਫ਼ੀ ਦਿਨਾਂ ਬਾਅਦ ਸਕੂਲ ਆ ਕੇ ਵਿਦਿਆਰਥੀ ਕਾਫੀ ਉਤਸ਼ਾਹਿਤ ਸਨ।