ਹਰਦੀਪ ਸਿੰਘ ਸੋਢੀ
ਧੂਰੀ, 3 ਅਪਰੈਲ
ਮਾਰਚ 2020 ਵਿੱਚ ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਸੜਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋਈ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮਾਦਾਂ ਦੀ ਵਸਨੀਕ ਗੁਰਮੀਤ ਕੌਰ ਨੇ ਅੱਜ ਆਪਣੇ ਪਰਿਵਾਰ ਸਮੇਤ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਅੱਜ ਹੱਡਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ਸਾਲ 2020 ਵਿੱਚ ਆਪਣੇ 16 ਸਾਲਾਂ ਪੁੱਤਰ ਸਮੇਤ ਆਸਟਰੇਲੀਆ ਰਹਿੰਦੇ ਆਪਣੇ ਦਿਉਰ ਅਤੇ ਭਰਜਾਈ ਨੂੰ ਮਿਲਣ ਗਏ ਸਨ ਅਤੇ 20 ਦਿਨ ਬਾਅਦ ਉਥੇ ਕਾਰ ਵਿੱਚ ਘਰ ਨੂੰ ਵਾਪਸ ਆਉਂਦਿਆਂ ਰਸਤੇ ਵਿੱਚ ਕਾਰ ਉਪਰ ਵੱਡਾ ਦਰਖੱਤ ਡਿੱਗਣ ਕਾਰਨ ਉਸ ਦੇ 33 ਸਾਲਾਂ ਦਿਉਰ ਸਵਰਨਜੀਤ ਸਿੰਘ, 35 ਸਾਲਾ ਭਰਜਾਈ ਅਮਨਦੀਪ ਕੌਰ ਅਤੇ ਮੇਰੇ 16 ਸਾਲਾ ਪੁੱਤਰ ਇਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਉਹ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸਦੇ ਦਿਉਰ ਦਾ 7 ਸਾਲਾਂ ਪੁੱਤਰ ਸਹਿਜ ਸਿੰਘ ਗਰੇਵਾਲ ਬਚ ਗਿਆ।
ਉਨ੍ਹਾਂ ਕਿਹਾ ਕਿ ਦਿਉਰ ਅਤੇ ਭਰਜਾਈ, ਜੋ 13 ਸਾਲਾਂ ਤੋਂ ਆਸਟਰੇਲੀਆ ਵਿੱਚ ਪੱਕੇ ਨਾਗਰਿਕ ਸਨ, ਦੀ ਜਾਇਦਾਦ ਦੀ ਸਾਂਭ ਸੰਭਾਲ ਲਈ ਭਾਰਤੀ ਜਾਂ ਆਸਟਰੇਲੀਆ ਸਕਰਾਰ ਵੱਲੋਂ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ ਅਤੇ ਦਿਉਰ ਦੇ ਇਕਲੌਤੇ ਪੁੱਤਰ ਨੂੰ ਆਸਟਰੇਲੀਆ ਜਾ ਕੇ ਆਪਣੇ ਮਾਤਾ-ਪਿਤਾ ਦੀ ਜਾਇਦਾਦ ਸੰਭਾਲਣ ਅਤੇ ਪੜ੍ਹਾਈ ਲਈ ਮਦਦ ਕਰਨ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਨੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਮਦਦ ਕੀਤੀ ਹੈ, ਉਸੇ ਤਰਜ਼ ’ਤੇ ਇਸ ਮਾਮਲੇ ਵਿੱਚ ਵੀ ਅੱਗੇ ਆਉਣ।