ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਦਸੰਬਰ
ਨਰਮੇ ਦਾ ਵੱਧ ਰਹਿਣ ਦੀ ਆਸ ਵਿੱਚ ਕਈ ਕਿਸਾਨਾਂ ਨੇ ਘਰੇ ਰੱਖਿਆ ਨਰਮਾ ਅਨਾਜ ਮੰਡੀ ਵਿੱਚ ਲਿਆਉਣ ਕਰਕੇ ਮੰਡੀ ਚਿੱਟੇ ਸੋਨੇ ਵਾਂਗ ਚਮਕਣ ਲੱਗੀ ਹੈ। ਵੀਰਵਾਰ ਨੂੰ ਇਥੇ 5150 ਰੁਪਏ ਤੋਂ 8000 ਰੁਪਏ ਤੱਕ ਨਰਮਾ ਵਿਕਣ ਕਾਰਨ ਕਿਸਾਨਾਂ ਨੂੰ ਇੱਕ ਪਾਸੇ ਨਰਮੇ ਨੂੰ ਪਈ ਸੁੰਡੀ ਦੀ ਮਾਰ ਪਈ ਹੈ ਅਤੇ ਦੂਜੇ ਪਾਸੇ ਹੁਣ ਇਸ ਦੇ ਰੇਟ ਘਟਣ ਕਾਰਨ ਕਿਸਾਨ ਦੂਹਰੀ ਮਾਰ ਝੱਲਣ ਲਈ ਮਜਬੂਰ ਹੋ ਰਿਹਾ ਹੈ।
ਮੰਡੀ ਲਹਿਰਾਗਾਗਾ ਵਿੱਚ ਪਿਛਲੇ ਸੀਜ਼ਨ ਵਿੱਚ 4000 ਪੱਲੇ ਨਰਮੇ ਦੀ ਰੋਜ਼ਾਨਾ ਆਮਦ ਹੋਈ ਸੀ। ਪਰ ਇਸ ਵਾਰ ਇਹ ਆਮਦ ਘਟ ਕੇ ਸਿਰਫ਼ 500 ਪੱਲੇ ਹੀ ਰਹਿ ਗਈ ਹੈ। ਕੁਝ ਦਿਨ ਪਹਿਲਾਂ ਨਰਮੇ ਦਾ ਭਾਅ 8700 ਰੁਪਏ ਪ੍ਰਤੀ ਕੁਇੰਟਲ ’ਤੇ ਪਹੁੰਚ ਗਿਆ ਸੀ ਜੋ ਹੁਣ ਘਟ ਕੇ 5150-8000 ਰੁਪਏ ਹੀ ਰਹਿ ਗਿਆ ਹੈ।
ਇਸ ਵਾਰ ਨਰਮਾ 10-12 ਮਣ ਪ੍ਰਤੀ ਏਕੜ ਔਸਤ ਦੇ ਝਾੜ ’ਤੇ ਹੀ ਸਿਮਟ ਗਿਆ ਹੈ। ਐਤਕੀਂ ਬੇਮੌਸਮੀ ਬਾਰਸ਼ ਕਾਰਨ ਜੀਰੀ ਦੀ ਫਸਲ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਘੱਟ ਹੋਈ ਹੈ। ਹੁਣ ਨਰਮੇ ਦੇ ਰੇਟ ਅਤੇ ਝਾੜ ਘੱਟ ਹੋਣ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਗੁਰਚਰਨ ਸਿੰਘ ਖੋਖਰ ਨੇ ਦੱਸਿਆ ਕਿ ਨਰਮੇ ਦੀ ਫਸਲ ’ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ। ਸਪਰੇਅ ਦੇ ਰੇਟ ਵੀ ਕਾਰਪੋਰੇਟ ਘਰਾਣਿਆਂ ਨੇ ਅਸਮਾਨੀ ਚਾੜ੍ਹੇ ਹੋਏ ਹਨ। ਨਰਮੇ ਦੇ ਰੇਟਾਂ ਵਿੱਚ ਹੋਈ ਗਿਰਾਵਟ ਨੂੰ ਲੈ ਕੇ ਨਿਤਨ ਕਾਟਨ ਕੰਪਨੀ ਦੇ ਸੰਜੇ ਕੁਮਾਰ ਅਤੇ ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿਲ ਦੇ ਮਾਲਕ ਵਿਜੇ ਕੁਮਾਰ ਮਿੱਤਲ ਨੇ ਦੱਸਿਆ ਕਿ ਕੌਮਾਂਤਰੀ ਮੰਡੀ ਵਿੱਚ ਰੂੰ ਅਤੇ ਵੜੇਵਿਆਂ ਦੇ ਰੇਟਾਂ ਵਿੱਚ ਭਾਰੀ ਮੰਦੀ ਆਈ ਹੈ। ਰੂੰ ਦੇ ਭਾਅ ਪ੍ਰਤੀ ਮਨ 6900 ਰੁਪਏ ਤੋਂ ਧੜੱਮ ਕਰਕੇ 6500 ਰੁਪਏ ’ਤੇ ਆ ਡਿੱਗੇ ਹਨ।
ਉਨ੍ਹਾਂ ਕਿਹਾ ਕਿ ਲਹਿਰਾਗਾਗਾ ਵਿੱਚ ਤਿੰਨ ਕਾਟਨ ਮਿੱਲਾਂ ਚਲਦੀ ਹਾਲਤ ਵਿੱਚ ਹਨ ਅਤੇ ਇੱਕ ਮਿਲ ਲਈ ਘੱਟੋ ਘੱਟ 100 ਟਨ ਗੱਠ ਦਾ ਮਾਲ ਚਾਹੀਦਾ ਹੈ ਪਰ ਲਹਿਰਾਗਾਗਾ ਵਿੱਚ ਆਮਦ ਘਟਣ ਕਾਰਨ ਉਨ੍ਹਾਂ ਨੂੰ ਵਾਧੂ ਪੈਸੇ ਖਰਚ ਕੇ ਬਰੇਟਾ, ਬੁਢਲਾਡਾ, ਮਾਨਸਾ ਅਤੇ ਮੌੜ ਮੰਡੀ ਵਿੱਚੋਂ ਨਰਮਾ ਖਰੀਦ ਕੇ ਲਿਆਉਣਾ ਪੈਂਦਾ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਨੇ ਦੱਸਿਆ ਕਿ ਪਿੰਡ ਕੋਟੜਾ ਲੇਹਲ ਦੇ ਕਿਸਾਨ ਹਰਦੀਪ ਸਿੰਘ ਅਤੇ ਬੇਅੰਤ ਸਿੰਘ ਅੱਜ ਇਥੇ ਆਪਣਾ ਨਰਮਾ 5150 ਤੋਂ 8000 ਰੁਪਏ ਤੱਕ 30 ਮਣ ਨਰਮਾ ਵੇਚਣ ਲਈ ਆਏ ਸਨ ਜਿਹੜਾ ਕ੍ਰਿਸ਼ਨਾ ਕਾਟਨ ਮਿਲ ਅਤੇ ਵਿਜੈ ਕੁਮਾਰ ਐਂਡ ਕੰਪਨੀ ਨੇ ਖ੍ਰੀਦਿਆ ਹੈ।