ਪਵਨ ਕੁਮਾਰ ਵਰਮਾ
ਧੂਰੀ, 6 ਜੂਨ
ਸਦਰ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਸੁਨਿਆਰ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਗਸੀਰ ਸਿੰਘ ਪੁੱਤਰ ਅਮਰਜੀਤ ਸਿੰਘ, ਪਿੰਡ ਲੱਡਾ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਗਾਇਆ ਕਿ ਗੁਰਦੇਵ ਕੌਰ, ਉਸ ਦੇ ਪੁੱਤਰ ਕੁਲਦੀਪ ਸਿੰਘ ਵਾਸੀਆਨ ਲੱਡਾ ਅਤੇ ਦਰਸ਼ਨ ਕੁਮਾਰ ਖੁਰਮੀ ਵਾਸੀ ਸ਼ਿਵਪੁਰੀ ਮੁਹੱਲਾ ਧੂਰੀ ਨੇ ਉਸ ਦੀ ਪਤਨੀ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਉਸ ਕੋਲੋਂ ਤਕਰੀਬਨ 8/9 ਤੋਲੇ ਸੋਨੇ ਦੇ ਗਹਿਣੇ ਲਏ। ਇਸ ਵਿੱਚੋਂ ਸੋਨੇ ਦੀਆਂ ਵਾਲੀਆਂ ਦਰਸ਼ਨ ਕੁਮਾਰ ਖੁਰਮੀ ਸੁਨਿਆਰ ਪਾਸ ਵੇਚ ਦਿੱਤੀਆਂ ਅਤੇ ਨਕਲੀ ਗਹਿਣੇ ਲੈ ਕੇ ਊਸ ਦੀ ਪਤਨੀ ਨੂੰ ਦੇ ਕੇ ਧੋਖਾਧੜੀ ਕੀਤੀ ਹੈ। ਪੁਲੀਸ ਨੇ ਦਰਖਾਸਤ ਦੀ ਕੀਤੀ ਪੜਤਾਲ ਤੋਂ ਬਾਅਦ ਸ਼ਹਿਰ ਦੇ ਪਟਿਆਲਾ ਗਲੀ ਵਿੱਚ ਸੁਨਿਆਰੇ ਦਾ ਕੰਮਕਾਰ ਕਰਦੇ ਅਤੇ ਸਵਰਨਕਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਕੁਮਾਰ ਖੁਰਮੀ ਸਮੇਤ ਗੁਰਦੇਵ ਕੌਰ ਅਤੇ ਕੁਲਦੀਪ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਵਰਨਕਾਰ ਐਸੋਸੀਏਸ਼ਨ ਦੇ ਇਸ ਪ੍ਰਧਾਨ ਖਿਲਾਫ਼ ਕਰੋਨਾ ਦੌਰਾਨ ਵੱਧ ਰੇਟ ’ਤੇ ਸਬਜ਼ੀ ਵੇਚਣ ਦਾ ਮਾਮਲਾ ਵੀ ਦਰਜ ਹੈ।