ਪੱਤਰ ਪ੍ਰੇਰਕ
ਲੌਂਗੋਵਾਲ, 29 ਅਪਰੈਲ
ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਲੌਂਗੋਵਾਲ ਵਿਖੇ ਉੱਘੇ ਲੋਕ ਕਵੀ ਬਲੀ ਸਿੰਘ ਚੀਮਾ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਦਾ ਆਗਾਜ਼ ਸਤਨਾਮ ਉਭਾਵਾਲ ਅਤੇ ਗੁਰਜੀਤ ਦੇ ਇਨਕਲਾਬੀ ਗੀਤਾਂ ਨਾਲ ਹੋਇਆ । ਸੰਸਥਾ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ਅਤੇ ਕਵੀ ਬਲੀ ਸਿੰਘ ਚੀਮਾ ਦੇ ਸੰਘਰਸ਼ੀ ਜੀਵਨ ਅਤੇ ਕਵੀ ਬਣਨ ਤੱਕ ਦੇ ਰਾਹ ਤੇ ਚਾਨਣਾ ਪਾਇਆ। ਕਵੀ ਬਲੀ ਸਿੰਘ ਚੀਮਾ ਦੀਆਂ ਹਿੰਦੀ ਅਤੇ ਪੰਜਾਬੀ ਵਿਚ ਦਰਜ਼ਨਾਂ ਕਿਤਾਬਾਂ ਛਪ ਚੁੱਕੀਆਂ ਹਨ ਜਿਸ ਲਈ ਉਨਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰੋਗਰਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸੋਮਾ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ, ਗ਼ਦਰੀ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿੱਤ ਸਕੱਤਰ ਅਨਿਲ ਕੁਮਾਰ ਬੱਗਾ, ਬੀਰਬਲ ਸਿੰਘ, ਸੁਖਪਾਲ ਸਿੰਘ, ਲੈਕਚਰਾਰ ਜੋਰਾ ਸਿੰਘ, ਮਾਸਟਰ ਸੁਖਜੀਤ ਚੀਮਾ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।