ਖੇਤਰੀ ਪ੍ਰਤੀਨਿਧ
ਧੂਰੀ, 31 ਜੁਲਾਈ
ਮਾਰਕੀਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਭੱਦਲਵੱਡ ਦੇ ਸਾਬਕਾ ਸਰਪੰਚ ਸੁਖਪਾਲ ਸ਼ਰਮਾ ਨੂੰ ਐੱਨਆਰਆਈ ਵੱਲੋਂ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਯੋਜਨਾ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਵੱਲੋਂ ਇਸ ਮਾਮਲੇ ’ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਪਿਛਲੇ ਦਿਨੀਂ ਪਿੰਡ ਬੇਨੜਾ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਦਾ ਫੋਨ ਆਇਆ ਕਿ ਤੁਹਾਡੇ ਪਿੰਡ ਦਾ ਵਸਨੀਕ ਤੀਰਥ ਸਿੰਘ ਜੋ ਅਮਰੀਕਾ ਰਹਿੰਦਾ ਹੈ, ਉਹ ਪਿੰਡ ਈਸੜਾ ਦੇ ਇੱਕ ਵਿਅਕਤੀ ਨੂੰ ਤੁਹਾਨੂੰ ਮਾਰਨ ਲਈ ਵਾਰ-ਵਾਰ ਫੋਨ ਕਰ ਰਿਹਾ ਹੈ। ਪਿੰਡ ਈਸੜਾ ਦੇ ਉਸ ਵਿਅਕਤੀ ਨਾਲ ਜਦੋਂ ਉਸ ਨੇ ਸੰਪਰਕ ਕੀਤਾ ਤਾਂ ਉਸ ਨੇ ਜ਼ੁਬਾਨੀ ਸਾਰੀ ਗੱਲ ਕਬੂਲੀ। ਉਸ ਨੂੰ ਇਸ ਸਬੰਧੀ ਪੰਜ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਸਬੰਧੀ ਭਲਵਾਨ ਚੌਕੀ ਦੇ ਏਐੱਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਸੁਖਪਾਲ ਸ਼ਰਮਾ ਦੇ ਬਿਆਨ ਦੇ ਆਧਾਰ ’ਤੇ ਪਿੰਡ ਭੱਦਲਵੱਡ ਨਿਵਾਸੀ ਤੀਰਥ ਸਿੰਘ ਗਿੱਲ ਹਾਲ ਅਬਾਦ ਫਰਿਜਨੋ, ਕੈਲੀਫੋਰਨੀਆ, ਅਮਰੀਕਾ ਅਤੇ ਜਸਵਿੰਦਰ ਸਿੰਘ ਦੇ ਖਿਲਾਫ਼ ਕੇਸ ਦਰਜ ਕਰਕੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ