ਨਿਜੀ ਪੱਤਰ ਪ੍ਰੇਰਕ
ਸੰਗਰੂਰ, 8 ਅਪਰੈਲ
ਸੰਗਰੂਰ ਪੁਲੀਸ ਦੇ ਸਾਈਬਰ ਵਿੰਗ ਨੇ ਆਪਣੀ ਰਿਸ਼ਤੇਦਾਰੀ ’ਚੋਂ ਕਿਸੇ ਲੜਕੀ ਦੇ ਰਿਸ਼ਤੇ ਲਈ ਇਸ਼ਤਿਹਾਰ ਦੇ ਕੇ ਆਪਣੇ ਆਪ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦਾ ਪੱਕਾ ਵਸਨੀਕ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ 18 ਮੋਬਾਈਲ, 17 ਸਿੰਮ, ਇੱਕ ਕਾਰ ਅਤੇ ਫਰਾਡ ਕੀਤੇ ਲੋਕਾਂ ਦੀ ਡਿਟੇਲ ਵਾਲੀ ਇੱਕ ਡਾਇਰੀ ਬਰਾਮਦ ਕੀਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਹੁਣ ਤੱਕ ਇਹ ਕਰੀਬ 50 ਲੋਕਾਂ ਨਾਲ ਠੱਗੀ ਮਾਰ ਕੇ ਲਗਪਗ 40 ਤੋਂ 50 ਲੱਖ ਰੁਪਏ ਹੜੱਪ ਕਰ ਚੁੱਕੇ ਹਨ। ਇਥੇ ਪੁਲੀਸ ਲਾਈਨ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਹਿਤ ਅਗਰਵਾਲ ਡੀਐੱਸਪੀ ਦਿੜ੍ਹਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੀ ਸਾਈਬਰ ਸੈੱਲ ਦੀ ਟੀਮ ਨੇ ਥਾਣਾ ਸੰਦੌੜ ’ਚ 14 ਜਨਵਰੀ ਨੂੰ ਦਰਜ ਹੋਏ ਕੇਸ ਦੀ ਤਫਤੀਸ਼ ਦੌਰਾਨ ਹਰਬੰਸ ਲਾਲ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਵਾਸੀ ਖਾਨਪੁਰ, ਖਰੜ ਜ਼ਿਲ੍ਹਾ ਐੱਸਏਐੱਸ ਨਗਰ ਮੁਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਪਤੀ-ਪਤਨੀ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਅਖ਼ਬਾਰਾਂ ਵਿਚ ਆਪਣੀ ਰਿਸ਼ਤੇਦਾਰੀ ਵਿਚੋਂ ਕਿਸੇ ਲੜਕੀ ਦੇ ਰਿਸ਼ਤੇ ਲਈ ਇਸ਼ਤਿਹਾਰ ਦੇ ਕੇ ਆਪਣੇ ਆਪ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਦਾ ਪੱਕਾ ਵਸਨੀਕ ਦੱਸਦੇ ਸੀ। ਇਸ਼ਤਿਹਾਰ ਵੇਖ ਕੇ ਭੋਲੇ ਭਾਲੇ ਲੋਕ ਇਨ੍ਹਾਂ ਨੂੰ ਫੋਨ ਕਰ ਲੈਂਦੇ ਸੀ ਅਤੇ ਮੁਲਜ਼ਮ ਫੋਨ ਕਰਨ ਵਾਲੇ ਲੋਕਾਂ ਦੇ ਘਰ ਆਉਣ ਦਾ ਸਮਾਂ ਨਿਸ਼ਚਿਤ ਕਰ ਲੈਂਦੇ ਸੀ। ਨਿਸ਼ਚਿਤ ਸਮੇਂ ਤੋਂ ਇੱਕ ਦਿਨ ਪਹਿਲਾਂ ਮੁਲਜ਼ਮ ਫੋਨ ਕਰਨ ਵਾਲੇ ਨੂੰ ਆਖਦੇ ਸੀ ਕਿ ਉਨ੍ਹਾਂ ਦੇ ਲੜਕੇ ਨੇ 10 ਦਿਨ ਤੱਕ ਵਿਦੇਸ਼ ਜਾਣਾ ਹੈ ਅਤੇ ਉਸ ਦਾ ਕਿਸੇ ਨਾਲ ਝਗੜਾ ਜਾਂ ਐਕਸੀਡੈਂਟ ਹੋ ਗਿਆ ਹੈ ਅਤੇ ਕੁੱਝ ਪੈਸਿਆਂ ਦੀ ਲੋੜ ਹੈ ਜਿਸ ਕਰਕੇ ਉਹ ਰਿਸ਼ਤੇ ਲਈ ਉਨ੍ਹਾਂ ਦੇ ਘਰ ਨਹੀਂ ਆ ਸਕਦੇ। ਵਿਦੇਸ਼ੀ ਕੁੜੀ ਨਾਲੋਂ ਰਿਸ਼ਤਾ ਟੁੱਟਣ ਦੇ ਡਰੋਂ ਆਮ ਭੋਲੇ ਭਾਲੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਇਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਪਾ ਦਿੰਦੇ ਸਨ।
ਬਾਗੜੀਆਂ ਨੇੜੇ ਵਪਾਰੀ ਤੋਂ 50 ਹਜ਼ਾਰ ਰੁਪਏ ਖੋਹੇ
ਅਮਰਗੜ੍ਹ (ਰਜਿੰਦਰ ਜੈਦਕਾ): ਨਜ਼ਦੀਕੀ ਪਿੰਡ ਬਾਗੜੀਆਂ ਤੋਂ ਮੁਹਾਲਾ ਸੜਕ ’ਤੇ ਮੋਟਰਸਾਈਕਲ ਸਵਾਰਾਂ ਨੇ ਇਕ ਵਪਾਰੀ ਦੀ ਕੁੱਟਮਾਰ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਕਰੀਬਨ 50 ਹਜ਼ਾਰ ਰੁਪਏ ਖੋਹ ਲਏ। ਨਾਭਾ ਦੇ ਵਪਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੀ ਪਿੰਡ ਬਾਗੜੀਆਂ ਦੇ ਦੁਕਾਨਦਾਰਾਂ ਤੋਂ ਉਗਰਾਹੀ ਕਰਕੇ ਪਿੰਡ ਮੁਹਾਲਾ ਵੱਲ ਜਾ ਰਿਹਾ ਸੀ ਤਾਂ ਪਿਛੋਂ ਆ ਰਹੇ ਮੋਟਰ ਸਾਈਕਲ ਸਵਾਰਾਂ ਨੇ ਉਸ ਦੀ ਸਕੂਟਰੀ ਦੀ ਚਾਬੀ ਕੱਢ ਕੇ ਕੁੱਟਮਾਰ ਕੀਤੀ ਅਤੇ ਲੋਹੇ ਦੇ ਹਥਿਆਰ ਨਾਲ ਵਾਰ ਕਰਕੇ ਤਕਰੀਬਨ 50 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ।