ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਈ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਾਕਬਿ ਅਲੀ ਰਾਜਾ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਥਾਣਾ ਸ਼ਹਿਰੀ-2 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸ਼ਹਿਰੀ-2 ਵਿੱਚ ਅਕਾਲੀ ਕੌਂਸਲਰ ਮੁਹੰਮਦ ਸਾਕਬਿ ਅਲੀ ਉਰਫ ਰਾਜਾ ਦੇ ਬਿਆਨਾਂ ਅਨੁਸਾਰ ਜਦ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਰੁਕੇ, ਜਿਨ੍ਹਾਂ ਨੂੰ ਉਸ ਨੇ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ। ਇਨ੍ਹਾਂ ‘ਚੋਂ ਇੱਕ ਨੌਜਵਾਨ ਨੇ ਉਸ ਦੇ ਇੱਟ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਬਚਾਅ ਲਈ ਇੱਕ ਪਾਸੇ ਹੋ ਗਿਆ। ਰੌਲਾ ਪੈਣ ਕਰਕੇ ਤਿੰਨੇ ਮੋਟਰਸਾਈਕਲ ਸਵਾਰ ਉੱਥੋਂ ਚਲੇ ਗਏ ਤੇ ਕੁਝ ਸਮੇਂ ਬਾਅਦ ਹੀ ਤਿੰਨੇ ਨੌਜਵਾਨ ਆਪਣੇ 5-6 ਸਾਥੀਆਂ ਸਮੇਤ ਉਸ ਦੇ ਘਰ ਅੱਗੇ ਆ ਗਏ ,ਜਿਨ੍ਹਾਂ ਦੇ ਹੱਥਾਂ ‘ਚ ਲੋਹੇ ਦੇ ਦਾਹ ਫੜੇ ਹੋਏ ਸਨ। ਜਨਾਬ ਸਾਕਬਿ ਅਲੀ ਰਾਜਾ ਅਨੁਸਾਰ ਨੌਜਵਾਨਾਂ ਨੇ ਗਲੀ ਵਿੱਚ ਪਏ ਰੋੜੇ ਅਤੇ ਸੋਡੇ ਦੀਆਂ ਬੋਤਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਬਚਾਅ ਲਈ ਆਪਣੇ ਘਰ ਅੰਦਰ ਚਲਾ ਗਿਆ ਤੇ ਆਪਣੇ ਘਰ ਅੰਦਰ ਕਮਰੇ ਦੀ ਕੁੰਡੀ ਲਾ ਕੇ ਆਪਣੀ ਜਾਨ ਬਚਾਈ। ਇਕੱਠ ਹੁੰਦਾ ਵੇਖ ਕੇ ਸਾਰੇ ਨੌਜਵਾਨ ਮੌਕੇ ਤੋਂ ਭੱਜ ਗਏ। ਪੁਲੀਸ ਨੇ ਕੌਂਸਲਰ ਸਾਕਬਿ ਅਲੀ ਰਾਜਾ ਦੇ ਬਿਆਨਾਂ ‘ਤੇ 10 ਜਣਿਆਂ ਖ਼ਿਲਾਫ਼ ਧਾਰਾ 307, 452, 323, 506, 148 ,149 ਤਹਿਤ ਤਹਿਤ ਕੇਸ ਦਰਜ ਕਰ ਲਿਆ।