ਅਰਵਿੰਦ ਖੰਨਾ ਨੇ ਵੀ ਵਿੱਢੀ ਵਿਉਂਤਬੰਦੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਸਤੰਬਰ
ਅਸੈਂਬਲੀ ਹਲਕੇ ਸੰਗਰੂਰ ਦੇ ਚੋਣ ਅਖਾੜੇ ’ਚ ਨਿੱਤਰਨ ਲਈ ਸਿਆਸੀ ਭਲਵਾਨਾਂ ਨੇ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਕਰੀਬ ਛੇ ਸਾਲ ਪਹਿਲਾਂ ਸਿਆਸੀ ਅਖਾੜੇ ’ਚੋਂ ਗਾਇਬ ਹੋਣ ਵਾਲੇ ਅਰਵਿੰਦ ਖੰਨਾ ਹੁਣ ਪਾਰਟੀ ਬਦਲ ਦੇ ਸੰਗਰੂਰ ਹਲਕੇ ਦੇ ਚੋਣ ਮੈਦਾਨ ’ਚ ਨਿੱਤਰ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਅਰਵਿੰਦ ਖੰਨਾ ਵਲੋਂ ਜ਼ੀਰਕਪੁਰ ’ਚ ਡੇਰੇ ਲਗਾਏ ਹੋਏ ਹਨ ਜਿਨ੍ਹਾਂ ਦਾ ਅਗਲੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਅਰਵਿੰਦ ਖੰਨਾ ਵੱਲੋਂ ਜ਼ੀਰਕਪੁਰ ਵਿਚ ਹੀ ਅੱਜ ਦੂਜੇ ਦਿਨ ਸੰਗਰੂਰ ਹਲਕੇ ਨਾਲ ਸਬੰਧਿਤ ਹਮਾਇਤੀਆਂ ਨਾਲ ਮੀਟਿੰਗ ਕਰ ਕੇ ਹਲਕੇ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਤੇ ਚੋਣ ਮੁਹਿੰਮ ਸਬੰਧੀ ਸੁਝਾਅ ਵੀ ਲਏ ਗਏ।
ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਹੀ ਸੱਤਾਧਾਰੀ ਪਾਰਟੀ ਵੱਲੋਂ ਚੋਣ ਮੈਦਾਨ ’ਚ ਮੁੜ ਕਿਸਮਤ ਅਜਮਾਉਣਗੇ ਜਿਨ੍ਹਾਂ ਨੂੰ ਇੱਕ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਸਿੰਗਲਾ ਵੱਲੋਂ ਪਿਛਲੇ ਦਿਨੀਂ ਪਾਰਟੀ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਬਿੀਆ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਨੂੰ ਚੋਣਾਂ ਦੇ ਸੰਦਰਭ ਵਿਚ ਹੀ ਦੇਖਿਆ ਜਾ ਰਿਹਾ ਹੈ।
‘ਆਪ’ ਦੀ ਟਿਕਟ ਲਈ ਕਈ ਆਗੂ ਜ਼ੋਰ ਅਜ਼ਮਾਈ ਕਰ ਰਹੇ ਹਨ ਜਿਨ੍ਹਾਂ ’ਚ ਪਿਛਲੀ ਚੋਣ ਲੜਨ ਵਾਲੇ ਦਿਨੇਸ਼ ਬਾਂਸਲ, ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਨਰਿੰਦਰ ਕੌਰ ਭਰਾਜ ਅਤੇ ਅਵਤਾਰ ਸਿੰਘ ਈਲਵਾਲ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀਆਂ ਸਿਆਸੀ ਗਤੀਵਿਧੀਆਂ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਸ੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਆਮ ਆਦਮੀ ਪਾਰਟੀ ’ਚ ਚੋਣ ਗੱਠਜੋੜ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ਼ਹਿਰ ਦੇ ਨੌਜਵਾਨ ਚਮਨਦੀਪ ਸਿੰਘ ਮਿਲਖੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾ ਚੁੱਕੇ ਹਨ ਤੇ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ।