ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਕਤੂਬਰ
ਮੁੱਖ ਅੰਸ਼
- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਅਤੇ ਐੱਸਐੱਸਪੀ ਮਨਦੀਪ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ
- ਨੌਜਵਾਨਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਲਈ ਸਰਗਰਮ ਰਹਿਣ ਦਾ ਸੱਦਾ
ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਚੱਲ ਰਹੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦਾ ਬੇਹਤਰ ਪ੍ਰਦਰਸ਼ਨ ਕੀਤਾ ਗਿਆ। ਮੇਲੇ ਦੇ ਤੀਜੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਜਦੋਂਕਿ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਸ਼ਮਾ ਰੌਸ਼ਨ ਕਰਕੇ ਸੈਸ਼ਨ ਦਾ ਆਗਾਜ਼ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ ਖੇਤਰੀ ਯੁਵਕ ਤੇ ਲੋਕ ਮੇਲੇ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਯੁਵਕ ਮੇਲੇ ਜਿਥੇ ਸਿੱਖਿਆ ਦਾ ਅਨਿੱਖੜਵਾਂ ਅੰਗ ਹੁੰਦੇ ਹਨ, ਉਥੇ ਵਿਦਿਆਰਥੀਆਂ ਦੀ ਸੋਚ ਨੂੰ ਵੀ ਹੋਰ ਵਿਸ਼ਾਲ ਕਰਦੇ ਹਨ। ਉਨ੍ਹਾਂ ਨੇ ਖੇਤਰੀ ਯੁਵਕ ਮੇਲੇ ’ਚ ਸ਼ਾਮਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਸਰਗਰਮ ਰਹਿਣ ਦਾ ਸੱਦਾ ਦਿੱਤਾ।
ਮੇਲੇ ਦੇ ਤੀਜੇ ਦਿਨ ਇਕਾਂਗੀ, ਨਾਟਕ, ਮਿਮਿਕਰੀ, ਲੋਕ ਗੀਤ, ਲੋਕ-ਸਾਜ਼, ਫੋਕ ਆਰਕੈਸਟਰਾ, ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ ਉਚਾਰਣ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੁਨਰ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਕਾਲਜ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਅਤੇ ਕੋ-ਆਰਡੀਨੇਟਰ ਡਾ. ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਜੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਨਾਚ (ਲੜਕੀਆਂ) ਲੁੱਡੀ, ਲੋਕ ਨਾਚ (ਲੜਕੇ) ਝੂਮਰ, ਭੰਡ, ਮੌਕੇ ’ਤੇ ਚਿੱਤਰਕਾਰੀ, ਪੋਸਟਰ ਬਣਾਉਣ, ਕਾਰਟੂਨਿੰਗ ਅਤੇ ਕੋਲਾਜ ਬਣਾਉਣ ਵਿੱਚ ਪਹਿਲਾ ਸਥਾਨ ਜਦੋਂ ਕਿ ਪੱਛਮੀ ਸਾਜ਼ ਏਕਲ, ਨੁੱਕੜ ਨਾਟਕ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਲਘੂ ਫਿਲਮ ਅਤੇ ਫੋਟੋਗ੍ਰਾਫੀ ਵਿੱਚ ਦੂਜਾ ਸਥਾਨ ਅਤੇ ਪੱਛਮੀ ਗਾਇਨ ਏਕਲ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।