ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਗਸਤ
ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਭਲਕੇ 20 ਅਗਸਤ ਨੂੰ ਲੌਂਗੋਵਾਲ ’ਚ ਜਿਥੇ ਤਿੰਨ ਧਿਰਾਂ ਵਲੋਂ ਵੱਖ-ਵੱਖ ਤੌਰ ’ਤੇ ਸਮਾਗਮ ਕੀਤੇ ਜਾ ਰਹੇ ਹਨ ਉਥੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਰਸੀ ਸਮਾਗਮ ’ਚ ਪੁੱਜਣ ਵਾਲੇ ਸਿਆਸੀ ਲੀਡਰਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਵੀ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਕਾਰਨ ਭਲਕੇ 20 ਅਗਸਤ ਨੂੰ ਲੌਂਗੋਵਾਲ ’ਚ ਮਾਹੌਲ ਤਲਖੀ ਭਰਿਆ ਰਹਿਣ ਦੇ ਆਸਾਰ ਹਨ।
ਪੰਜਾਬ ਸਰਕਾਰ ਵਲੋਂ ਲੌਂਗੋਵਾਲ ਦੀ ਅਨਾਜ ਮੰਡੀ ਵਿਚ ਸੰਖੇਪ ਸਮਾਗਮ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਧਰ, ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਕੈਂਬੋਵਾਲ ਸਾਹਿਬ ਵਿਖੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਨਿਰੋਲ ਧਾਰਮਿਕ ਤੌਰ ’ਤੇ ਮਨਾਉਣ ਦਾ ਫੈਸਲਾ ਲਿਆ ਹੈ। ਪਾਰਟੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਸੰਗਤ ਰੂਪੀ ਅਰਦਾਸ ਕਰਕੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਧਰ ਕਿਰਤੀ ਕਿਸਾਨ ਯੂਨੀਅਨ ਵਲੋਂ ਸੰਤ ਲੌਂਗੋਵਾਲ ਦੀ ਬਰਸੀ ਸਮਾਗਮਾਂ ’ਚ ਪੁੱਜਣ ਵਾਲੇ ਸਿਆਸੀ ਲੀਡਰਾਂ ਦਾ ਕਾਲੇ ਝੰਡਿਆਂ ਨਾਲ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਯੂਨੀਅਨ ਨਾਲ ਸਬੰਧਤ ਜ਼ਿਲ੍ਹਾ ਭਰ ਦੇ ਕਿਸਾਨਾਂ ਨੂੰ ਸਵੇਰੇ 9 ਵਜ਼ੇ ਲੌਂਗੋਵਾਲ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
ਸਿਆਸੀ ਆਗੂਆਂ ਦਾ ਕੀਤਾ ਜਾਵੇਗਾ ਵਿਰੋਧ: ਕਿਸਾਨ ਯੂਨੀਅਨ
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਲੈ ਕੇ ਜਿਥੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਵੱਡੇ ਪੱਧਰ ’ਤੇ ਜ਼ੋਰ ਲੱਗਿਆ ਹੋਇਆ ਹੈ, ਉਥੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਨੇੜਲੇ ਵੱਖ ਵੱਖ ਪਿੰਡਾਂ ਵਿਚ ਇਨ੍ਹਾਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਨ ਲਈ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲਾਂ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਸਿਆਸੀ ਪਾਰਟੀਆਂ ਦੇ ਝਾਂਸੇ ਵਿਚ ਨਾ ਆਉਣ ਕਿਉਂਕਿ ਇਹ ਸਿਆਸੀ ਆਗੂ ਸਿਰਫ਼ ਪੰਜ ਸਾਲ ਵਿਚ ਪੰਜ ਮਹੀਨੇ ਹੀ ਆਮ ਲੋਕਾਂ ਦੇ ਦੁਖੜੇ ਸੁਣਦੇ ਹਨ। ਉਸ ਤੋਂ ਬਾਅਦ ਇਹ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਇੱਥੋਂ ਨੇੜਲੇ ਪਿੰਡ ਚੰਗਾਲ, ਲਿੱਦੜਾਂ, ਬੰਗਾਵਾਲੀ, ਖਿੱਲਰੀਆਂ, ਕਾਂਝਲਾ, ਲੱਡਾ, ਨੱਤਾਂ, ਬਟੂਹਾ, ਕਿਲ੍ਹਾ ਅਤੇ ਹੋਰ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਭੈਪ੍ਰਤਾਪ ਸਿੰਘ ਸਿੱਧੂ ਲਿੱਦੜਾਂ, ਮਨਦੀਪ ਸਿੰਘ ਸਿੱਧੂ, ਸੁਰਿੰਦਰ ਸਿੰਘ ਸ਼ਿੰਦਾ ਲਿੱਦੜਾਂ, ਪਰਵਿੰਦਰ ਸਿੰਘ ਮਿੰਟੂ ਬਡਰੁੱਖਾਂ, ਜਗਸੀਰ ਸਿੰਘ ਬਡਰੁੱਖਾਂ, ਚਰਨ ਸਿੰਘ ਬਡਰੁੱਖਾਂ ਹੋਰਾਂ ਨੇ ਕਿਹਾ ਕਿ ਉਹ 20 ਅਗਸਤ ਨੂੰ ਸਵੇਰੇ ਅੱਠ ਵਜੇ ਆਪੋ ਆਪਣੀਆਂ ਪਾਰਟੀਆਂ ਦੇ ਝੰਡਿਆਂ ਤੋਂ ਇਲਾਵਾ ਕਾਲੀਆਂ ਝੰਡੀਆਂ ਲੈ ਕੇ ਮਸਤੂਆਣਾ ਸਾਹਿਬ ਪਹੁੰਚਣ ਤਾਂ ਜੋ ਉੱਥੇ ਕਾਫ਼ਲੇ ਦੇ ਰੂਪ ਦੇ ਵਿੱਚ ਲੌਂਗੋਵਾਲ ਪਹੁੰਚ ਕੇ ਸਿਆਸੀ ਆਗੂਆਂ ਦਾ ਵਿਰੋਧ ਕੀਤਾ ਜਾ ਸਕੇ।