ਪੱਤਰ ਪ੍ਰੇਰਕ
ਸੰਗਰੂਰ, 16 ਦਸੰਬਰ
ਇਥੇ ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਪੈਨਸ਼ਨ ਦਿਹਾੜਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਰਾਜ ਰਾਜੇਸ਼ਵਰੀ ਮੰਦਿਰ ਵਿੱਚ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਅਰਜਨ ਸਿੰਘ, ਅਜਮੇਰ ਸਿੰਘ ਅਤੇ ਸੁਰਿੰਦਰ ਕੁਮਾਰ ਬਾਲੀਆ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਗੁਪਤਾ ਨੇ ਸ਼ਿਰਕਤ ਕੀਤੀ ਜਦੋਂ ਕਿ ਪ੍ਰਧਾਨਗੀ ਭੁਪਿੰਦਰ ਕੌਰ ਸੁਪਰਡੈਂਟ ਪੰਜਾਬ ਮੰਡੀ ਬੋਰਡ ਨੇ ਹਾਜ਼ਰੀ ਲਵਾਈ। ਇਸ ਮੌਕੇ 75 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ ਲਗਪੱਗ 70 ਔਰਤ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਗਰਮ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਬਿੱਦਰ ਸਿੰਘ, ਬੀਲਵੀਰ ਸਿੰਘ, ਬਲਵੰਤ ਸਿੰਘ ਅਤੇ ਬਾਲ ਕ੍ਰਿਸ਼ਨ ਚੋਹਾਨ ਆਦਿ ਬੁਲਾਰਿਆਂ ਨੇ ਸਰਕਾਰ ਦੀ ਪੈਨਸ਼ਨ ਵਿਰੋਧੀ ਸੋਚ ਦੀ ਨਿਖੇਧੀ ਕਰਦਿਆਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ 125 ਪ੍ਰਤੀਸ਼ਤ ਡੀਏ ਮਰਜ ਕਰਕੇ 20 ਫੀਸਦੀ ਵਾਧਾ 2.59 ਗੁਣਾਕ ਨਾਲ ਨੋਸ਼ਨਲ ਫ਼ਿਕਸੇਸ਼ਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਪ੍ਰੰਤੂ ਪੈਨਸ਼ਨਰਾਂ ਦਾ ਹੱਕ ਮਾਰਕੇ 113 ਫੀਸਦੀ ਡੀਏ ਮਰਜ਼ ਕਰ ਕੇ 15 ਵਾਧਾ ਵਾਲਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਸਖ਼ਤ ਨਿਖੇਧੀ ਕੀਤੀ। ਬੁਲਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਜਨਵਰੀ 2016 ਤੋਂ 30 ਜੂਨ 2021 ਤੱਕ ਸਾਰਾ ਬਕਾਇਆ ਨਕਦ ਦਿੱਤਾ ਜਾਵੇ, ਕੇਂਦਰੀ ਮੁਲਾਜ਼ਮਾਂ ਅਨੁਸਾਰ 3 ਫੀਸਦੀਡੀਏ ਦੀ ਕਿਸ਼ਤ ਪੈਨਸ਼ਨਰਾਂ ਨੂੰ ਦਿੱਤੀ ਜਾਵੇ, ਪੈਨਸ਼ਨ ਸੋਧ ਫ਼ਾਰਮੁੱਲਾ 2.59 ਨਾ ਸਧਿਆ ਜਾਵੇ, ਕੇਂਦਰ ਦੇ ਪੈਨਸ਼ਨਰ ਨੂੰ 5.57 ਦੇ ਗੁਣਾਕ ਨਾਲ ਪੈਨਸ਼ਨ ਦਿੱਤੀ ਗਈ ਹੈ, ਪ੍ਰੰਤੂ ਪੰਜਾਬ ਦੇ ਪੈਨਸ਼ਨਰਾਂ ਨੂੰ ਇਸ ਤੋਂ ਵੀ ਘੱਟ 2.45 ਦੇ ਕੇ ਧੱਕਾ ਕੀਤਾ ਹੈ।
ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ ਖ਼ੈਰਾਤ ਨਹੀਂ: ਅਰੋੜਾ
ਸੰਗਰੂਰ: ਇਥੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫ਼ੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਅਤੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈਲਫ਼ੇਅਰ ਐਸੋਸੀਏਸ਼ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਦੇਸ਼ ਭਰ ਵਿੱਚ ਹਰ ਸਾਲ 17 ਦਸੰਬਰ ਨੂੰ ਇਤਿਹਾਸਕ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ 1982 ਵਿੱਚ ਸੁਪਰੀਮ ਕੋਰਟ ਵੱਲੋਂ ਇਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਰਿਟਾਇਰ ਹੋਏ ਵਿਅਕਤੀ ਨੂੰ ਉਸ ਦੇ ਮਰਨ ਤੱਕ ਅਦਾਇਗੀ ਯੋਗ ਮੁਲਤਵੀ ਉਜ਼ਰਤ ਘੋਸ਼ਿਤ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਕੋਈ ਦਾਨ ਨਹੀਂ ਬਲਕਿ ਪੈਨਸ਼ਨ ਸੇਵਾ ਮੁਕਤ ਹੋਏ ਸਰਕਾਰੀ ਮੁਲਾਜ਼ਮ ਦਾ ਹੱਕ ਹੈ।