ਹੁਸ਼ਿਆਰ ਸਿਮਘ ਰਾਣੂ
ਮਾਲੇਰਕੋਟਲਾ, 27 ਦਸੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਅੱਗੇ ਚੱਲ ਰਿਹਾ ਮੋਰਚਾ ਅੱਜ 11ਵੇਂ ਤੇ ਭੁੱਖ ਹੜਤਾਲ 6ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਦੇ ਮੋਰਚੇ ਦੀ ਅਗਵਾਈ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਲੋਧੀਨੰਗਲ ਨੇ ਕੀਤੀ।
ਦਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਇਨਲਿਸਟਮੈਂਟ ਨੀਤੀ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਉਨ੍ਹਾਂ ਦਾ ਸ਼ੋਸ਼ਣ ਕਰਨ ਲਈ ਆਊਟਸੋਰਸਿੰਗ ਏਜੰਸੀ ਨੂੰ ਧੱਕੇ ਨਾਲ ਥੋਪ ਰਹੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵਿਭਾਗ ਦੀ ਮੈਨੇਜਮੈਂਟ ਵਰਕਰਾਂ ਦਾ ਵਿਭਾਗ ਨਾਲੋਂ ਨਾਤਾ ਤੋੜਨ ਚਾਹੁੰਦੀ ਹੈ ਜਿਸ ਨਾਲ ਵਰਕਰਾਂ ਦਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ। ਇਸ ਨੂੰ ਰੋਕਣ ਲਈ ਜਥੇਬੰਦੀ ਵਲੋਂ ਵਿਰੋਧ ਕਰਦਿਆਂ 17 ਦਸੰਬਰ ਤੋਂ ਲਗਾਤਾਰ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੇ ਘਰ ਦੇ ਅੱਗੇ ਮੋਰਚਾ ਚੱਲ ਰਿਹਾ ਹੈ ਅਤੇ ਲਗਾਤਾਰ 5 ਸਾਥੀਆਂ ਵੱਲੋਂ ਲਗਾਤਾਰ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ।
ਅੱਜ ਦੀ ਭੁੱਖ ‘ਤੇ ਬਲਵੀਰ ਸਿੰਘ ਸਿੰਘ ਗੁਰਦਾਸਪੁਰ, ਪਲਵਿੰਦਰ ਸਿੰਘ ਗੁਰਦਾਸਪੁਰ, ਬਲਜਿੰਦਰ ਸਿੰਘ, ਮੰਗਤ ਰਾਮ ਤੇ ਰਮੇਸ਼ ਕੁਮਾਰ ਅੰਮ੍ਰਿਤਸਰ ਬੈਠੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਦੇ ਮੱਦੇਨਜ਼ਰ ਮੋਰਚਾ ਬਗ਼ੈਰ ਨਾਅਰਿਆਂ ਤੋਂ ਚਲਾਇਆ ਜਾ ਰਿਹਾ ਹੈ।