ਬੀਰਬਲ ਰਿਸ਼ੀ
ਸ਼ੇਰਪੁਰ, 28 ਜਨਵਰੀ
ਸ਼ੇਰਪੁਰ ਨਾਲ ਲਗਦਾ ਬੜੀ ਪਿੰਡ ਉਸ ਸੰਘਰਸ਼ਸ਼ੀਲ ਯੋਧੇ ਸੁਖਦੇਵ ਸਿੰਘ ਦਾ ਪਿੰਡ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਲੋਕ ਸੰਘਰਸ਼ਾਂ ਦੇ ਲੇਖੇ ਲਗਾ ਦਿੱਤੀ ਪਰ ਹੈਰਾਨੀਜਨਕ ਹੈ ਕਿ ਮੌਕੇ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਅਤੇ ਸ਼ੇਰਪੁਰ-ਬੜੀ ਮਾਰਗ ਨੂੰ ‘ਕਾਮਰੇਡ ਬੜੀ’ ਦੇ ਨਾਮ ’ਤੇ ਰੱਖਣ ਦੇ ਜਨਤਕ ਤੌਰ ’ਤੇ ਕੀਤੇ ਵਾਅਦੇ ਵਫ਼ਾ ਨਾ ਹੋਣ ਤੋਂ ਲੋਕ ਖਫ਼ਾ ਹਨ।ਕਾਮਰੇਡ ਬੜੀ ਦੇ ਪੁੱਤਰ ਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਦੱਸਿਆ ਕਿ ਤਕਰੀਬਨ ਅੱਠ ਕੁ ਸਾਲ ਪਹਿਲਾਂ ਬੜੀ-ਗੋਬਿੰਦਪੁਰਾ ਸੜਕ ਬਣਨੀ ਸ਼ੁਰੂ ਹੋਈ ਪਰ ਉਸ ਸਮੇਂ ਉਹ ਸੜਕ ਗੋਬਿੰਦਪੁਰਾ ਦੀ ਹੱਦ ਤੱਕ ਬਣੀ ਤੇ ਜਿੱਥੋਂ ਬੜੀ ਦੀ ਹੱਦ ਸ਼ੁਰੂ ਹੋਈ ਉੱਥੇ ਰੁਕ ਗਈ ਜੋ ਹਾਲੇ ਤੱਕ ਨਹੀਂ ਬਣੀ। ਉਸੇ ਸਮੇਂ ਹੀ ਪਿੰਡ ਦੀ ਫਿਰਨੀ ਦਾ ਕੁਝ ਹਿੱਸਾ ਬਣ ਗਿਆ ਅਤੇ ਬਾਕੀ ਦਾ ਕੰਮ ਅੱਧ ਵਿਚਕਾਰ ਰੁਕ ਗਿਆ ਜੋ ਹਾਲੇ ਤੱਕ ਫਿਰਨੀ ਪੱਕੀ ਨਹੀਂ ਹੋ ਸਕੀ। ਸਾਰੇ ਪੰਜਾਬ ਵਿੱਚ ਸਕੂਲਾਂ ਦੇ ਦਰਜੇ ਵਧੇ ਪਰ ਬੜੀ ਦੇ ਸਰਕਾਰੀ ਸਕੂਲ ਵਿੱਚ ਕਮਰੇ ਹੋਣ ਦੇ ਬਾਵਜੂਦ ਇਸ ਸਕੂਲ ਸਬੰਧੀ ਮੰਤਰੀ ਤੱਕ ਪਹੁੰਚਾਈਆਂ ਚਿੱਠੀਆਂ ਤੇ ਮਤਿਆਂ ਦੇ ਬਾਵਜੂਦ ਇਹ ਮਿਡਲ ਤੋਂ ਹਾਈ ਨਹੀਂ ਬਣ ਸਕਿਆ। ਸਰਕਾਰ ਵੱਲੋਂ ਸਕੂਲ ਨੂੰ ਲਾਇਬ੍ਰੇਰੀ ਲਈ ਗਰਾਂਟ ਭੇਜੇ ਜਾਣ ਦਾ ਮਾਮਲਾ ਵੀ ਜਿਉਂ ਦਾ ਤਿਉਂ ਹੈ ਉਂਜ ਕਾਮਰੇਡ ਬੜੀ ਦੇ ਇੱਕ ਨਜ਼ਦੀਕੀ ਸਰਪੰਚ ਦਲਜੀਤ ਸਿੰਘ ਜੀਤੀ ਨੇ ਆਰਥਿਕ ਸਹਾਇਤਾ ਦਾ ਭਰੋਸਾ ਦਿੱਤਾ ਹੈ। ਹਲਕਾ ਇੰਚਾਰਜ ਨੂੰ ਪਿੰਡ ਦੇ ਖੜਵੰਜਿਆਂ ਲਈ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਇਹ ਕਾਰਜ ਵੀ ਅੱਧ ਵਿਚਕਾਰ ਰਹਿ ਗਿਆ ਜਦੋਂ ਪਿੰਡ ਵਿੱਚ ਦੋ ਛੱਪੜਾਂ ਦੇ ਪਾਣੀ ਦੀ ਨਿਕਾਸੀ ਕਰਦਿਆਂ ਪਾਣੀ ਨੂੰ ਖੇਤਾਂ ਤੱਕ ਲਿਜਾਣ ਲਈ 20 ਲੱਖ ਰੁਪਏ ਦੀ ਗਰਾਂਟ ਲੋੜੀਂਦੀ ਸੀ। ਵਾਟਰ ਵਰਕਸ ਦੀ ਜਗ੍ਹਾ ’ਤੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਨੂੰ ਉੱਚਾ ਚੁੱਕ ਕੇ ਚਾਰਦਵਾਰੀ ਲਈ ਗਰਾਂਟ ਦੀ ਲੋੜ ਜਾਪਦੀ ਹੈ ਜਦੋਂ ਕਿ ਪਸ਼ੂ ਡਿਸਪੈਂਸਰੀ ਵਿੱਚ ਵਧੀਆਂ ਇਮਾਰਤ ਦੇ ਬਾਵਜੂਦ ਹਾਲੇ ਲੋੜੀਂਦੇ ਅਮਲੇ ਦੀ ਘਾਟ ਹੈ। ਉਨ੍ਹਾਂ ਪਿੰਡ ਵਿੱਚ ਹੋਮਿਓਪੈਥੀ ਡਿਸਪੈਂਸਰੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸਰਪੰਚ ਗੁਰਜੀਤ ਸਿੰਘ ਬੜੀ ਨੇ ਦਾਅਵਾ ਕੀਤਾ ਕਿ ਪਿੰਡ ਵਿੱਚ ਤਕਰੀਬਨ 60 ਲੱਖ ਦੀ ਗਰਾਂਟ ਨਾਲ ਟਾਇਲਾਂ, ਤਿੰਨ ਧਰਮਸ਼ਾਲਾਵਾਂ, ਸਕੂਲ ’ਚ ਕਮਰੇ, ਵਾਟਰ ਵਰਕਸ ਦੀ ਮੁਰੰਮਤ ’ਤੇ ਕੰਮ ਕਰਵਾ ਕੇ ਵਿਕਾਸ ਕਾਰਜ ਕਰਵਾਏ ਹਨ।