ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜੁਲਾਈ
ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਕੋਠੀ ਤੱਕ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਮੰਗ ਕਰ ਰਹੇ ਸਨ ਕਿ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਸੌਂਪਿਆ।
ਇਸ ਮੌਕੇ 5994 ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਲੰਬੇ ਸਮੇਂ ਤੋਂ ਸਰਕਾਰ ਤੋਂ ਉਮੀਦਾਂ ਰੱਖ ਕੇ ਰੁਜ਼ਗਾਰ ਲਈ ਖੱਜਲ-ਖੁਆਰ ਹੋ ਰਹੇ ਹਨ ਪਰ ਹਰ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ 16 ਦਸੰਬਰ 2021 ਨੂੰ ਸਰਕਾਰ ਵੱਲੋਂ ਜਨਤਕ ਕੀਤਾ ਗਿਆ ਸੀ ਪਰ ਇਸ ਭਰਤੀ ਦੇ ਇਸ਼ਤਿਹਾਰ ਨੂੰ ਜਨਤਕ ਕਰਨ ਤੋਂ ਬਾਅਦ ਅਜੇ ਤੱਕ ਕੋਈ ਅਗਲੇਰੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਦੋਂ ਕਿ ਹੁਣ ਤੱਕ ਇਸ ਭਰਤੀ ਦੀ ਲਿਖਤੀ ਟੈਸਟ ਵੀ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਹਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਬੇਰੁਜ਼ਗਾਰ ਅਧਿਆਪਕਾਂ ਦੇ ਪੱਖ ਤੋਂ ਇਲਾਵਾ ਬੱਚਿਆਂ ਦੀ ਤਰਫ਼ੋਂ ਵੀ ਵਿਚਾਰ ਕਰੇ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਉਨ੍ਹਾਂ ਮੰਗ ਕੀਤੀ ਕਿ ਈਟੀਟੀ 5994 ਅਸਾਮੀਆਂ ਦੀ ਭਰਤੀ ਦਾ ਪੋਰਟਲ ਜਲਦ ਖੋਲ੍ਹਿਆ ਜਾਵੇ, ਪੰਜਾਬ ਦੇ ਵਸਨੀਕਾਂ ਨੂੰ ਇਸ ਭਰਤੀ ਵਿਚ ਪਹਿਲ ਦਿੱਤੀ ਜਾਵੇ। ਇਸ ਦੇ ਸਬੂਤ ਵਜੋਂ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਜਾਂ ਪੰਜਾਬ ਦਾ ਕੋਈ ਵੀ ਰਿਹਾਇਸ਼ੀ ਸਬੂਤ ਭਰਤੀ ਦੇ ਐਪਲੀਕੇਸ਼ਨ ਫਾਰਮ ਵਿੱਚ ਲਾਜ਼ਮੀ ਕੀਤਾ ਜਾਵੇ, 5994 ਭਰਤੀ ਨੂੰ ਵੀ ਬਾਰ੍ਹਵੀਂ ਪਾਸ ਦੇ ਆਧਾਰ ’ਤੇ ਹੀ ਰੱਖਿਆ ਜਾਵੇ। ਇਸ ਦੌਰਾਨ 5994 ਈਟੀਟੀ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ 22 ਜੁਲਾਈ ਦੀ ਪੈਨਲ ਮੀਟਿੰਗ ਮਿਲੀ ਜਿਸ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਨੇ ਪ੍ਰਦਰਸ਼ਨ ਸਮਾਪਤ ਕੀਤਾ।