ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਕਤੂਬਰ
ਮੁੱਖ ਮੰਤਰੀ ਦੇ ਸ਼ਹਿਰ ’ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਲਗਾਤਾਰ ਮਰਨ ਵਰਤ ’ਤੇ ਡਟੇ ਹੋਏ ਹਨ ਜਿਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਪੁੱਜ ਕੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਡੀਟੀਐਫ਼ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਈਟੀਟੀ 2364 ਅਧਿਆਪਕਾਂ ਦੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕਰਨ। ਉਨ੍ਹਾਂ ਕਿਹਾ ਕਿ ਅੱਜ ਮਰਨ ਵਰਤ ਦਾ ਪੰਜਵਾਂ ਦਿਨ ਹੈ ਪਰੰਤੂ ਅਜੇ ਤੱਕ ਮੈਡੀਕਲ ਸਹੂਲਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰਨ ਵਰਤ ’ਤੇ ਬੈਠੇ ਸਾਥੀਆਂ ਦੀ ਸਿਹਤ ਖਰਾਬ ਹੋਣ ਕਾਰਨ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। 2364 ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਲੇਰਕੋਟਲਾ ਨੇ ਕਿਹਾ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਕਦੇ ਹਿਮਾਚਲ ਪ੍ਰਦੇਸ਼ ਅਤੇ ਕਦੇ ਗੁਜਰਾਤ ਵਿਚ ਜਾ ਰਹੇ ਹਨ ਪਰ ਖ਼ੁਦ ਉਨ੍ਹਾਂ ਦੇ ਸ਼ਹਿਰ ਵਿੱਚ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਮਰਨ ਵਰਤ ’ਤੇ ਬੈਠੇ ਹਨ। ਮਰਨ ਵਰਤ ’ਤੇ ਬੈਠੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਅਦਾਲਤ ਵਿਚ ਹਲਫਨਾਮਾ ਦਾਇਰ ਨਹੀਂ ਕੀਤਾ ਜਾਂਦਾ ਅਤੇ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ। ਇਸ ਮੌਕੇ ਅੰਮ੍ਰਿਤਪਾਲ ਸੰਗਰੂਰ, ਰਵੀ ਕੁਮਾਰ ਪਠਾਨਕੋਟ, ਗਗਨ ਧੂਰੀ, ਗੁਰਜੰਟ ਸਿੰਘ ਪਟਿਆਲਾ, ਡੀਟੀਐਫ਼ ਦੇ ਆਗੂ ਅਮਨ ਵਸ਼ਿਸ਼ਟ, ਕਮਲ ਬਨਭੌਰਾ, ਪਰਮਿੰਦਰ ਸਿੰਘ ਨਾਭਾ, ਸੁਖਵਿੰਦਰ ਸਿਘ ਗਿਰ ਆਦਿ ਸ਼ਾਮਲ ਸਨ।