ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਸੰਗਰੂਰ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਮਹਿਲਾਵਾਂ ਨੂੰ ਸਮਰਪਿਤ ਸੱਤ ‘ਪਿੰਕ ਪੋਲਿੰਗ ਸਟੇਸ਼ਨ’ ਸਥਾਪਤ ਕੀਤੇ ਗਏ ਹਨ ਜੋ ਖਿੱਚ ਦਾ ਕੇਂਦਰ ਬਣ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ ਸੱਤ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ 20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਿਰਫ਼ ਔਰਤਾਂ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਬੂਥਾਂ ਵਿੱਚ ਪੋਲਿੰਗ ਸਟਾਫ਼, ਪੁਲੀਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਗੁਲਾਬੀ ਰੰਗਿਆ ਗਿਆ ਹੈ, ਜਿਸ ਵਿੱਚ ਗੁਲਾਬੀ ਪਰਦੇ, ਗੁਲਾਬੀ ਟੈਂਟ, ਗੁਲਾਬੀ ਗੁਬਾਰੇ ਅਤੇ ਟੇਬਲ ਕਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਔਰਤਾਂ ਦੇ ਸਸ਼ਕਤੀਕਰਨ ਲਈ ਸਾਰਥਕ ਪੁਲਾਂਘ ਹੈ ਕਿਉਂਕਿ ਕਈ ਵਾਰ ਮਹਿਲਾ ਕਰਮਚਾਰੀ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ ਜਦੋਂ ਕਿ ਔਰਤਾਂ ਆਪਣੀ ਮਿਹਨਤ ਅਤੇ ਸਮਰਪਣ ਦੁਆਰਾ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ 99 ਲਹਿਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, 100 ਦਿੜਬਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ, 101 ਸੁਨਾਮ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਚੱਠੇ ਅਤੇ ਸਰਕਾਰੀ ਹਾਈ ਸਕੂਲ ਕੁਲਾਰ ਖੁਰਦ, 107 ਧੂਰੀ ਵਿਖੇ ਮਿਊਂਸੀਪਲ ਕਮੇਟੀ ਅਤੇ 108 ਸੰਗਰੂਰ ਵਿਖੇ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਥਾਪਤ ਕੀਤੇ ਗਏ ਹਨ।