ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਸਮੂਹ ਵਿਭਾਗਾਂ ਦੇ ਹਜ਼ਾਰਾਂ ਇੰਜਨੀਅਰਾਂ ਨੇ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਅੱੱਜ ਪੰਜਾਬ ਭਰ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦੇ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ। ਜਥੇਬੰਦੀ ਦੇ ਸੂਬਾਈ ਆਗੂ ਦਵਿੰਦਰ ਸੇਖੋਂ, ਕਮਰਜੀਤ ਮਾਨ ਅਤੇ ਕਰਮਜੀਤ ਬੀਹਲਾ ਨੇ ਕਿਹਾ ਕਿ ਭਲਕੇ 18 ਨਵੰਬਰ ਨੂੰ ਵੀ ਸੂਬੇ ਦੇ ਹਜ਼ਾਰਾਂ ਇੰਜਨੀਅਰ ਛੁੱਟੀ ’ਤੇ ਰਹਿ ਕੇ ਸੂਬੇ ਵਿੱਚ ਰੋਸ ਮੁਜ਼ਾਹਰੇ ਕਰਨਗੇ। ਇਨ੍ਹਾਂ ਪ੍ਰਦਰਸ਼ਨਕਾਰੀ ਇੰੰਜਨੀਅਰਾਂ ’ਚ ਜੇਈਜ਼ ਅਤੇ ਏਈਜ਼ ਸਮੇਤ ਪਦ-ਉਨਤ ਹੋਏ ਐੱਸਡੀਓਜ਼ ਤੇ ਐਕਸੀਅਨਜ਼ ਵੀ ਸ਼ਾਮਲ ਹਨ। ਸੂਬਾਈ ਆਗੂ ਨਰਿੰਦਰ ਕੁਮਾਰ ਅਤੇ ਕਮਰਜੀਤ ਮਾਨ ਨੇ ਕਿਹਾ ਕਿ ਸੂਬੇ ਦੇ ਸਮੂਹ ਇੰਜਨੀਅਰ ਕਈ ਮਹੀਨਿਆਂ ਤੋਂ ਪੇਅ ਕਮਿਸ਼ਨ ਖ਼ਿਲਾਫ਼ ਲੜ ਰਹੇ ਹਨ ਪਰ ਸਰਕਾਰ ਇਸ ਸਬੰਧੀ ਸੰਜੀਦਗੀ ਨਹੀਂ ਦਿਖਾ ਰਹੀ, ਜਿਸ ਦੇ ਰੋਸ ਵਜੋਂ ‘ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ’ ਵੱਲੋਂ ਦਿੱਤੇ ਗਏ ਸੱਦੇ ਤਹਿਤ ਹਜ਼ਾਰਾਂ ਇੰਜਨੀਅਰਾਂ ਨੇ ਅੱਜ ਧਰਨਾ ਦਿੱਤਾ।
ਇਸ ਦੌਰਾਨ ਪਟਿਆਲਾ ਦੇ ਮਿਨੀ ਸਕੱਤਰੇਤ ਵਿੱਚ ਵੀ ਇੰਜਨੀਅਰਾਂ ਨੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇੰਜਨੀਅਰ ਤਰੱਕੀ ਕੋਟਾ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਅਤੇ ਏਸੀਪੀ ਕੇਸਾਂ ਦੇ ਨਿਪਟਾਰੇ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਧਰਨੇ ਨੂੰ ਜਸਵੰਤ ਸੈਣੀ, ਜਗਦੀਸ਼ ਚੀਮਾ, ਪਰਦੀਪ ਸਿੰਘ, ਮੋਤੀ ਲਾਲ, ਖੁਸ਼ਪਾਲ ਸਿੰਘ, ਜਸਵਿੰਦਰ ਟੌਹੜਾ ਅਤੇ ਹਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਸੰਗਰੁੂਰ (ਨਿਜੀ ਪੱਤਰ ਪ੍ਰੇਰਕ): ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਪੰਜਾਬ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਡਿਪਲੋਮਾ ਇੰਜਨੀਅਰਾਂ ਵਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਦੋ ਰੋਜ਼ਾ ਰੋਸ ਧਰਨਿਆਂ ਦੇ ਪਹਿਲੇ ਦਿਨ ਡਿਪਲੋਮਾ ਇੰਜਨੀਅਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਦੋ ਧਿਰੀ ਗੱਲਬਾਤ ਨਾਲ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 22 ਨਵੰਬਰ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਰੋਸ ਰੈਲੀ ਕਰਕੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ। ਹੜਤਾਲ ਦੇ ਪਹਿਲੇ ਦਿਨ ਰੋਸ ਧਰਨੇ ਦੀ ਅਗਵਾਈ ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਜ਼ੋਨ ਸੰਗਰੂਰ ਦੇ ਆਗੂਆਂ ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਚਰਨਦੀਪ ਸਿੰਘ ਚਹਿਲ ਅਤੇ ਗੁਰਤੇਜ ਸਿੰਘ ਵਲੋਂ ਕੀਤੀ ਗਈ।
ਪਾਵਰਕੌਮ ਦੇ ਜੇ.ਈਜ਼ ਨੇ ਮੁੱਖ ਦਫ਼ਤਰ ਅੱਗੇ ਆਰੰਭੀ ਭੁੱਖ ਹੜਤਾਲ
ਪਟਿਆਲਾ (ਖੇਤਰੀ ਪ੍ਰਤੀਨਿਧ): 22 ਦਿਨਾਂ ਤੋਂ ਸਰਕਾਰੀ ਮੋਬਾਈਲ ਫੋਨ ਬੰਦ ਕਰਕੇ ਮੀਟਰਿੰਗ ਲੈਬਾਂ, ਸਟੋਰਾਂ, ਫੀਲਡ ਵੈਰੀਫਿਕੇਸ਼ਨਾਂ, ਚੈਕਿੰਗਾਂ ਅਤੇ ਕੁਤਾਹੀ ਰਕਮ ਦੀ ਉਗਰਾਹੀ ਦਾ ਬਾਈਕਾਟ ਕਰਦੇ ਆ ਰਹੇ ਪਾਵਰਕੌਮ ਅਤੇ ਟ੍ਰਾਂਸਕੋ ਦੇ ਇੰਜਨੀਅਰਾਂ ਨੇ ਵੀ ਸਰਕਾਰ ਦੇ ਨਾਂਹ ਪੱਖੀ ਵਤੀਰੇ ਦੇ ਖ਼ਿਲਾਫ਼ ਅੱਜ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ਼ ਆਰੰਭ ਦਿੱਤੀ ਗਈ ਹੈ। ਇਸ ਸੰਘਰਸ਼ ਦੀ ਅਗਵਾਈ ‘ਕੌਂਸਲ ਆਫ਼ ਜੂਨੀਅਰ ਇੰਜੀਨੀਅਰ’ ਦੇ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਕਰ ਰਹੇ ਹਨ। ਸੂਬਾਈ ਜਨਰਲ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ ਦੱਖਣ ਜ਼ੋਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਸ਼ੀ ਕੁਮਾਰ, ਪ੍ਰਿਤਪਾਲ ਸਿੰਘ, ਸ਼ਮਿੰਦਰਜੀਤ ਸਿੰਘ, ਪਰਦੀਪ ਸਿੰਘ ਅਤੇ ਨਰਿੰਦਰ ਸਿੰਘ ਬੈਠੇ ਹਨ। ਸੂਬਾਈ ਪ੍ਰਧਾਨ ਪਰਮਜੀਤ ਖੱਟੜਾ ਦਾ ਕਹਿਣਾ ਹੈ ਕਿ ਪਾਵਰਕੌਮ ਦੇ ਜੇ.ਈਜ਼ ਨੂੰ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੇ ਜੇ.ਈਜ਼ ਨਾਲ਼ੋਂ ਘੱਟ ਤਨਖਾਹ ਮਿਲਦੀ ਹੈ। ਪਰਮਜੀਤ ਖੱਟੜਾ ਦਾ ਕਹਿਣਾ ਸੀ ਕਿ ਭੁੱਖ ਹੜਤਾਲ਼ 5 ਦਸੰਬਰ ਤੱਕ ਜਾਰੀ ਰਹੇਗੀ।