ਪੱਤਰ ਪ੍ਰੇਰਕ
ਸੰਗਰੂਰ 4 ਫ਼ਰਵਰੀ
ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਪੁਰਅਮਨ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਹਿਸ਼ਤ ਦਾ ਮਹੌਲ ਸਿਰਜਣ ’ਤੇ ਤੁਲੀ ਹੋਈ ਹੈ| ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਕਿਸਾਨ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇਣੀ ਦੇਸ਼ ਲਈ ਬੇਹੱਦ ਖਤਰਨਾਕ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ| ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ਉਪਰ ਹੋ ਰਹੀ ਕਿਲੇਬੰਦੀ ਨੇ ਸਕੂਲ ਅੰਦਰ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੇ ਉਹ ਦਿਨ ਚੇਤੇ ਕਰਵਾ ਦਿੱਤੇ ਜਿਨ੍ਹਾਂ ਵਿੱਚ ਰਾਜੇ ਅਜਿਹੀ ਕਿਲੇਬੰਦੀ ਕਰਦੇ ਸਨ| ਉਨ੍ਹਾਂ ਕਿਹਾ ਕਿ ਕਿਸੇ ਵੀ ਜਮਹੂਰੀਅਤ ਦੇ ਮੁੱਦਈ ਦੇਸ਼ ’ਚ ਅਜਿਹੀ ਕਿਲੇਬੰਦੀ ਕਰਨ ਦੀ ਉਦਾਹਰਨ ਕਿਤੇ ਨਹੀਂ ਮਿਲਦੀ ਤੇ ਨਾ ਹੀ ਜਮਹੂਰੀਅਤ ਦੇ ਕਾਇਦੇ ਕਾਨੂੰਨ ਕਿਲਾਬੰਦੀ ਕਰਨ ਦੀ ਪ੍ਰਵਾਨਗੀ ਦਿੰਦੇ ਹਨ| ਉਨ੍ਹਾਂ ਕਿਹਾ ਕਿ ਲੋਹੇ ਦੇ ਕਿੱਲ ਗੱਡਣ, ਕੰਡਿਆਲੀਆਂ ਤਾਰਾਂ ਲਾਉਣ ਤੇ ਇੰਟਰਨੈੱਟ ਬੰਦ ਕਰਨ ਵਰਗੀਆਂ ਕਾਰਵਾਈਆਂ ਨਾਲ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਣ ਵਾਲਾ ਨਹੀਂ, ਸਗੋਂ ਇਨ੍ਹਾਂ ਕਾਰਵਾਈਆਂ ਨਾਲ ਕਿਸਾਨਾਂ ਦੇ ਮਸਲੇ ਹੋਰ ਪੇਚੀਦਾ ਹੋਣਗੇ| ਢੀਂਡਸਾ ਨੇ ਕਿਹਾ ਕਿ ਕਿਸਾਨ ਦੇਸ਼ ਦੇ ਉਹ ਨਾਗਰਿਕ ਹਨ ਜਿਨ੍ਹਾਂ ਵੱਡੇ ਬਹੁਮਤ ਨਾਲ ਜਿਤਾ ਕੇ ਭਾਜਪਾ ਨੂੰ ਸੱਤਾ ਦਾ ਤਾਜ ਦੇ ਕੇ ਨਿਵਾਜਿਆ ਹੈ| ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 6 ਫਰਵਰੀ ਦੇ ਚੱਕਾ ਜਾਮ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਵਰਕਰ ਇਸ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰੀ ਵਾਹ ਲਾਉਣਗੇ|