ਨਿੱਜੀ ਪੱਤਰ ਪ੍ਰੇਰਕ
ਧੂਰੀ, 1 ਮਾਰਚ
ਆਲ ਇੰਡੀਆ ਐਫ.ਸੀ.ਆਈ. ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ.ਚੱਠਾ ਨੇ ਦੱਸਿਆ ਕਿ ਦੇਸ਼ ਭਰ ਦੇ ਐਫ.ਸੀ.ਆਈ. ਮੁਲਾਜ਼ਮਾਂ ਵੱਲੋਂ 8 ਮਾਰਚ ਨੂੰ ਦਿੱਲੀ ਵਿਖੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਦਫਤਰ ਵੱਲ ਰੋਸ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਫ.ਸੀ.ਆਈ. ਵਿੱਚ ਸਟੋਰੇਜ ਅਤੇ ਟਰਾਂਜਿਟ ਲੌਸ ਦੇ ਨਾਂ ’ਤੇ ਮੁਲਾਜ਼ਮਾਂ ਵੱਲ ਭਾਰੀ ਰਿਕਵਰੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀਆਂ ਨੂੰ ਰੋਕਣ ਲਈ ਐੱਫ.ਸੀ.ਆਈ. ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ। ਜਥੇਬੰਦੀ ਵੱਲੋਂ 23 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਸਨ ਅਤੇ ਅੱਜ ਰਿਜਨਲ ਦਫਤਰਾਂ ਉੱਪਰ ਧਰਨੇ ਦਿੱਤੇ ਗਏ ਹਨ। ਆਉਣ ਵਾਲੀ 4 ਮਾਰਚ ਨੂੰ ਦੇਸ਼ ਭਰ ਦੇ ਐਫ.ਸੀ.ਆਈ. ਦੇ ਜ਼ੋਨਲ ਦਫਤਰਾਂ ’ਤੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 8 ਮਾਰਚ ਨੂੰ ਦਿੱਲੀ ਵਿੱਚ ਐੱਫ.ਸੀ.ਆਈ. ਦੇ ਹੈਡ ਕੁਆਰਟਰ ’ਤੇ ਧਰਨਾ ਦੇਣ ਮਗਰੋਂ ਪ੍ਰਧਾਨ ਮੰਤਰੀ ਦਫਤਰ ਵੱਲ ਰੋਸ ਮਾਰਚ ਕੱਢਿਆ ਜਾਵੇਗਾ।