ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਦਸੰਬਰ
ਕਿਸਾਨੀ ਅੰਦੋਲਨ ਖ਼ਤਮ ਹੋਣ ਦੇ ਬਾਵਜੂਦ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਦੇ ਪੰਜ ਟੌਲ ਪਲਾਜ਼ੇ ਬੰਦ ਰਹਿਣਗੇ। ਟੌਲ ਪਲਾਜ਼ਾ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਟੌਲ ਕੰਪਨੀਆਂ ਨੂੰ ਕਰਮਚਾਰੀਆਂ ਦੀਆਂ ਉਜਰਤਾਂ ਦੇ ਕਰੋੜਾਂ ਰੁਪਏ ਚੁੱਪ-ਚੁਪੀਤੇ ਦੇ ਦਿੱਤੇ, ਪਰ ਕੰਪਨੀਆਂ ਨੇ ਅੱਗੇ ਕਰਮਚਾਰੀਆਂ ਨੂੰ ਇਸ ਦੀ ਅਦਾਇਗੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਧਰੇੜੀ ਜੱਟਾਂ ਟੌਲ ਪਲਾਜ਼ਾ (ਜ਼ਿਲ੍ਹਾ ਪਟਿਆਲਾ), ਕਾਲਾਝਾੜ ਟੌਲ ਪਲਾਜ਼ਾ (ਸੰਗਰੂਰ), ਬਡਬਰ ਟੌਲ ਪਲਾਜ਼ਾ (ਬਰਨਾਲਾ) ਅਤੇ ਬਠਿੰਡੇ ਜ਼ਿਲ੍ਹੇ ਦੇ ਭੁੱਚੋ ਟੌਲ ਪਲਾਜ਼ਾ ਤੇ ਜੀਦਾ ਟੌਲ ਪਲਾਜ਼ਾ ਨੂੰ ਤਨਖਾਹਾਂ ਦੀ ਅਦਾਇਗੀ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਨੇ ਇਨ੍ਹਾਂ ਟੌਲ ਪਲਾਜ਼ਿਆਂ ਦੇ ਦਫ਼ਤਰਾਂ ਨੂੰ ਪਹਿਲਾਂ ਤੋਂ ਤਾਲੇ ਲਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਟੌਲ ਕਰਮਚਾਰੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਪੱਤਰ ਲਿਖੇ ਪਰ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਦੀ ਅਦਾਇਗੀ ਨਾ ਹੋਈ ਤਾਂ ਪੰਜਾਬ ਦੇ ਸਾਰੇ ਟੌਲ ਪਲਾਜ਼ੇ ਮੁਫ਼ਤ ਕੀਤੇ ਜਾਣਗੇ।