ਰਾਜਿੰਦਰ ਜੈਦਕਾ
ਅਮਰਗੜ੍ਹ, 10 ਫਰਵਰੀ
ਹਲਕਾ ਅਮਰਗੜ੍ਹ ਤੋਂ ਕਾਂਗਰਸ ਉਮੀਦਵਾਰ ਸਮਿਤ ਸਿੰਘ ਮਾਨ ਨੂੰ ਮੁਲਾਜ਼ਮ ਜਥੇਬੰਦੀਆਂ ਨੇ ਪਿੰਡ ਲਾਂਗੜੀਆਂ ਵਿੱਚ ਆਪਣੇ ਸਵਾਲਾਂ ਨਾਲ ਘੇਰਿਆ। ਦਿ ਰੈਵੀਨਿਊ ਪਟਵਾਰ ਯੂਨੀਅਰ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਨੇ ਪੁੱਛਿਆ ਕਿ ਜਦੋਂ ਪਿਛਲੇ ਪੰਜ ਸਾਲ ਵਿੱਚ ਕੁਝ ਨਹੀਂ ਕੀਤਾ ਤਾਂ ਲੋਕ ਹੁਣ ਕਾਂਗਰਸ ’ਤੇ ਕਿਵੇਂ ਯਕੀਨ ਕਰਨਗੇ। ਉਨਾਂ ਦੱਸਿਆ ਕਿ 2016 ਵਿੱਚ ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ ਪਰ ਹੁਣ ਤੱਕ ਉਹ 10 ਹਜ਼ਾਰ ਲੈ ਰਹੇ ਹਨ। ਇੱਥੇ ਪਟਵਾਰੀ ਦੀਆਂ 43 ਪੋਸਟਾਂ ਵਿੱਚ ਸਿਰਫ 11 ਪਟਵਾਰੀ ਕੰਮ ਚਲਾ ਰਹੇ ਹਨ। ਐੱਸਐੱਸਐੱਸ ਬੋਰਡ ਨੇ 5 ਸਤੰਬਰ 2021 ਨੂੰ ਪਟਵਾਰੀਆਂ ਦੀ ਭਰਤੀ ਮੁਕੰਮਲ ਕਰ ਦਿੱਤੀ ਸੀ ਪਰ ਚੰਨੀ ਸਰਕਾਰ ਨੂੰ 111 ਦਿਨਾਂ ਵਿੱਚ ਵੀ ਨਿਯੁਕਤੀ ਪੱਤਰ ਦੇਣ ਦਾ ਸਮਾਂ ਨਹੀਂ ਮਿਲਿਆ। ਮੁਲਾਜ਼ਮ ਸੜਕਾਂ ’ਤੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ।
ਇਸ ਸਬੰਧੀ ਸਮਿਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਰ ਸਾਢੇੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। 70 ਹਜ਼ਾਰ ਕਰੋੜ ਹਰ ਸਾਲ ਚੜ੍ਹਦਾ ਤੇ 70 ਹਜ਼ਾਰ ਕਰੋੜ ਦੀ ਆਮਦਨ ਹੈ। ਸਰਕਾਰ ਦਾ ਬਜਟ 140 ਲੱਖ ਕਰੋੜ ਦਾ ਹੈ। ਸ਼ਰਾਬ ਮਾਫ਼ੀਏ ਨੂੰ ਚਾਰ ਪੰਜ ਪਰਿਵਾਰ ਚਲਾਉਂਦੇ ਹਨ। ਨਵਜੋਤ ਸਿੰਘ ਸਿੱਧੂ ਨੇ ਸ਼ਰਾਬ ਕਾਰੋਬਾਰ ਨੂੰ ਸਰਕਾਰੀ ਕਰਨ ਦਾ ਸੁਝਾਅ ਦਿੱਤਾ ਸੀ ਪਰ ਕੈਪਟਨ ਨੇ ਇੱਕ ਨਾ ਮੰਨੀ। ਪੰਜਾਬ ਸਰਕਾਰ ਨੂੰ 2 ਹਜ਼ਾਰ ਕਰੋੜ ਕਮਾਈ ਸੀ। ਹੁਣ 7 ਹਜ਼ਾਰ ਕਰੋੜ ਕਮਾਏ ਜਾ ਰਹੇ ਹਨ ਪ੍ਰੰਤੂ ਮਹਾਰਾਸ਼ਟਰ 35 ਹਜ਼ਾਰ ਕਰੋੜ ਕਮਾ ਰਿਹਾ ਹੈ। ਰੇਤ, ਕੇਵਲ, ਟ੍ਰਾਂਸਪੋਰਟ ਤੇ ਹੋਰ ਮਾਫ਼ੀਏ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਪੰਜਾਬ ਵਿੱਚ ਬੇਰੁਜ਼ਗਾਰੀ ਦੇਸ਼ ਨਾਲੋਂ ਦੁੱਗਣੀ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਖਤਮ ਕਰਨ ਲਈ ਖੇਤੀ ਸੈਕਟਰ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਪੰਜਾਬ ਮਾਡਲ ਲਾਗੂ ਕਰਕੇ ਪੰਜਾਬ ਨੂੰ ਬੁਲੰਦੀਆਂ ’ਤੇ ਲੈ ਜਾਣਗੇ।