ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਦਸੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਦੇ ਸੱਦੇ ’ਤੇ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਵਿੱਚ ਰੋਸ ਮੁਜਾਹਰਾ ਕਰਨ ਉਪਰੰਤ ਲਾਲ ਬੱਤੀ ਚੌਕ ਵਿੱਚ ਘੜੇ ਭੰਨਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਅਨੁਜ ਸ਼ਰਮਾ, ਪਰਮਜੀਤ ਕੌਰ ਆਗੂ ਆਂਗਨਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਅਤੇ ਕਨਵੀਨਰ ਅਸ਼ਵਨੀ ਸ਼ਰਮਾ ਵੱਲੋਂ ਸੂਬਾ ਸਰਕਾਰ ਤੇ ਦੋਸ਼ ਲਗਾਉਂਦਿਆ ਕਿਹਾ ਗਿਆ ਕਿ ਪਿਛਲੇ ਲੰਬੇ ਤੋਂ ਮੁਲਾਜਮ ਹੜਤਾਲਾਂ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਪਰ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਅਤੇ ਸਿਰਫ ਐਲਾਨਬਾਜ਼ੀ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ 2015 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪਰੋਬੇਸ਼ਨ ਪੀਰੀਅਡ ਦਾ ਏਰੀਅਰ ਦਿੱਤਾ ਜਾਵੇ, 2015 ਤੋਂ ਬਾਅਦ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੀ ਮਿਤੀ ਤੋਂ ਐੱਚਆਰਐੱਮਐੱਸ ਸਾਈਟ ’ਤੇ ਆਪਸ਼ਨਾਂ ਅਪਡੇਟ ਕੀਤੀਆਂ ਜਾਣ, ਏਸੀਪੀ ਸਕੀਮ ਜਾਰੀ ਰੱਖੀ ਜਾਵੇ, ਪੇਂਡੂ ਭੱਤਾ ਬਹਾਲ ਰੱਖਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਅਹਿਮ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਭਰ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 29 ਦਸੰਬਰ ਨੂੰ ਵੀ ਸੂਬੇ ਭਰ ਦੇ ਸਮੂਹ ਵਿਭਾਗਾਂ ਦੇ ਮੁਲਾਜਮ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਮੰਚ ਦੇ ਸੱਦੇ ’ਤੇ ਦਫ਼ਤਰਾਂ ਦਾ ਮੁਕੰਮਲ ਕੰਮ ਠੱਪ ਕਰਕੇ ਜ਼ਿਲ੍ਹਾ ਪ੍ਰਬੰਧਕੀ ਦਫ਼ਤਰਾਂ ਅੱਗੇ ਤਕੜੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਗੰਦਗੀ ਦੇ ਢੇਰ ਲੱਗੇ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਸਫ਼ਾਈ ਸੇਵਕ ਯੂਨੀਅਨ ਵੱਲੋਂ ਦੋ ਹਫਤੇ ਬਾਅਦ ਦੁਬਾਰਾ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਦੀ ਦਿਨ ਰਾਤ ਦੀ ਹੜਤਾਲ ਸ਼ੁਰੂ ਕੀਤੀ ਹੈ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ ਥਾਂ ਗੰਦਗੀ ਦੇ ਢੇਰ ਲੱਗਣ ਕਾਰਨ ਨਾਲੀਆਂ ਵਿੱਚ ਪਾਣੀ ਬਾਹਰ ਉਛਲਣ ਲੱਗ ਪਿਆ ਹੈ। ਧਰਨਾਕਾਰੀਆਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ਾ ਕੀਤੀ। ਜ਼ਿਲ੍ਹਾ ਸਫਾਈ ਸੇਵਕ ਯੂਨੀਅਨ ਨੇ ਕਾਰਜ ਸਾਧਕ ਅਫਸਰਾਂ ਨੂੰ ਮੰਗ ਪੱਤਰ ਦੇ ਕੇ ਕਿਹਾ ਸੀ ਕਿ ਨਗਰ ਕੌਂਸਲਾਂ ’ਚ ਕੰਮ ਕਰਦੇ ਕੱਚੇ ਸਫ਼ਾਈ ਸੇਵਕਾਂ ਨੂੰ ਬਿਨਾਂ ਭੇਦਭਾਵ ਦੇ ਠੇਕੇ ’ਤੇ ਰੱਖਣ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਲੋਕਲ ਪ੍ਰਸ਼ਾਸਨ, ਐੱਸਡੀਐੱਮ ਅਤੇੇ ਈਓ ਜਾਣ ਬੁਝਕੇ ਕੇ ਸਫ਼ਾਈ ਸੇਵਕਾਂ ਨੂੰ ਠੇਕੇਦਾਰੀ ਦੀ ਥਾਂ ਡੀਸੀ ਰੇਟਾਂ ’ਤੇ ਨਿਯੁਕਤ ਕਰਨ ਲਈ ਬਹਾਨੇਬਾਜ਼ੀ ਕਰ ਰਿਹਾ ਹੈ। ਜਿਸ ਦੇ ਵਿਰੋਧ ’ਚ ਜਥੇਬੰਦੀ ਸਮੂਹ ਸਫ਼ਾਈ ਸੇਵਕ ਅਣਮਿਥੇ ਸਮੇਂ ਲਈ ਦਿਨ ਰਾਤ ਦੀ ਹੜਤਾਲ ’ਤੇ ਹੈ।