ਖੇਤਰੀ ਪ੍ਰਤੀਨਿਧ
ਧੂਰੀ, 10 ਅਪਰੈਲ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਕੰਮਾਂ ਲਈ ਸੇਵਾ ਕੇਂਦਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਸੇਵਾ ਕੇਂਦਰਾਂ ਦਾ ਸਮਾਂ ਵਧਾਉਣ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਖੋਲ੍ਹਣ ਦੇ ਰੋਸ ਵੱਜੋਂ ਅੱਜ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਜਿੱਥੇ ਸੇਵਾ ਕੇਂਦਰਾਂ ਦੇ ਅੱਗੇ ‘ਕਾਲੀਆਂ ਝੰਡੀਆਂ’ ਲਗਾਈਆਂ ਗਈਆ, ਉੱਥੇ ਮੁਲਾਜ਼ਮਾਂ ਵੱਲੋਂ ਆਪਣੇ ਗਲਾਂ ਵਿੱਚ ਕਾਲੀਆਂ ਪੱਟੀਆਂ ਪਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਸੰਗਰੂਰ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੱਸਿਆ ਕਿ ਛੇ/ਛੇ ਸਾਲਾਂ ਤੋਂ ਕੰਮ ਕਰਦੇ ਅਪਰੇਟਰਾਂ ਦੀ ਤਨਖਾਹ ਜਿੱਥੇ ਮਹਿਜ਼ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਕਰੀਬ ਹੈ, ਉੱਥੇ ਪਿਛਲੇ ਛੇ ਸਾਲਾਂ ਵਿੱਚ ਤਨਖਾਹਾਂ ਵਿੱਚ ਧੇਲਾ ਵੀ ਵਾਧਾ ਨਹੀ ਕੀਤਾ ਗਿਆ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਸੇਵਾ ਕੇਂਦਰਾਂ ਦਾ ਸਮਾਂ ਵਧਾ ਦਿੱਤਾ ਗਿਆ ਹੈ ਪਰ ਉਨ੍ਹਾਂ ਦੀਆਂ ਤਨਖਾਹਾਂ ਉੱਥੇ ਦੀਆਂ ਉੱਥੇ ਹੀ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੇ ਖੁਸ਼ੀ-ਗਮੀ ਦੇ ਸਮਾਗਮਾਂ ਲਈ ਕੋਈ ਵੀ ਛੁੱਟੀ ਨਹੀਂ ਹੈ ਅਤੇ ਜੇਕਰ ਕੋਈ ਛੁੱਟੀ ਕਰਦਾ ਹੈ ਤਾਂ ਉਸਦੀ ਤਨਖਾਹ ਕੱਟੀ ਜਾਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਰਕਾਰ ਦਾ ਹਰ ਫ਼ੈਸਲਾ ਮੰਨਣ ਲਈ ਤਿਆਰ ਹਨ, ਪਰ ਉਨਾਂ ਦੀਆਂ ਤਨਖਾਹਾਂ ਘੱਟੋ-ਘੱਟ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ।
ਵਫ਼ਦ ਮੁੱਖ ਮੰਤਰੀ ਦੇ ਓਐੱਸਡੀ ਨੂੰ ਮਿਲਿਆ
ਸੰਗਰੂਰ (ਪੱਤਰ ਪ੍ਰੇਰਕ): ਅੱਜ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਸੰਗਰੂਰ ਵੱਲੋਂ ਯੂਨੀਅਨ ਦੇ ਸਰਪ੍ਰਸਤ ਪਵਿੱਤਰ ਸਿੰਘ, ਜਤਿੰਦਰ ਸ਼ਰਮਾ ਅਤੇ ਅਵਤਾਰ ਅਕਬਰਪੁਰ ਦੀ ਅਗਵਾਈ ਹੇਠ ਵਫ਼ਦ ਨੇ ਸੂਬਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁਮਾਣ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਵਫ਼ਦ ਨੇ ਸੂਬੇ ਦੇ ਸੇਵਾ ਕੇਂਦਰ ਮੁਲਾਜ਼ਮਾਂ ਨਾਲ ਹੋ ਰਹੇ ਧੱਕੇ ਤੋਂ ਜਾਣੂ ਕਰਵਾਇਆ। ਮੁੱਖ ਮੰਤਰੀ ਦੇ ਓਐੱਸਡੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਫ਼ੈਸੀਲੇਸ਼ਨ ਚਾਰਜ ਅਤੇ ਫਾਰਮ ਭਰਨ ਦੇ ਨਾਂ ’ਤੇ ਕੀਤੀ ਜਾ ਰਹੀ ਮੋਟੀ ਕਮਾਈ ਤੋਂ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਸ੍ਰੀ ਘੁਮਾਣ ਤੇ ਇਹ ਮਸਲਾ ਸੂਬਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣ ਸਬੰਧੀ ਕਿਹਾ ਅਤੇ ਮੁਲਾਜ਼ਮਾਂ ਦੀ ਤਨਖਾਹ ਸਬੰਧੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।