ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਮਈ
ਇੱਥੋਂ ਥੋੜ੍ਹੀ ਦੂਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਸਥਿਤ ਕਾਲਾ ਝਾੜ ਟੌਲ ਪਲਾਜ਼ਾ ਦੇ ਕਰਮਚਾਰੀਆਂ ਨੇ ਦਸੰਬਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਲਗਾਏ ਪੱਕੇ ਧਰਨੇ ਦੌਰਾਨ 5 ਕਰਮਚਾਰੀ ਭੁੱਖ ਹੜਤਾਲ ’ਤੇ ਬਿਠਾਏ। ਇਸ ਮੌਕੇ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਅੱਜ ਧਰਨੇ ਦੌਰਾਨ ਨਾਜਰ ਖਾਨ, ਗੁਰਦੀਪ ਸਿੰਘ, ਸੁਰਿੰਦਰਪਾਲ ਸਿੰਘ, ਲਖਵਿੰਦਰ ਸਿੰਘ ਅਤੇ ਨਾਜਮ ਸਿੰਘ ਨੇ ਭੁੱਖ ਹੜਤਾਲ ਕੀਤੀ ਅਤੇ ਇਹ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਦਸੰਬਰ ਮਹੀਨੇ ਤੋਂ ਰਹਿੰਦੀਆਂ ਤਨਖਾਹਾਂ ਦਿਵਾਉਣ ਦੀ ਬਜਾਏ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਕਿਸਾਨ ਅੰਦੋਲਨ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ਦੇ ਟੌਲ ਪਲਾਜ਼ਿਆਂ ਨੂੰ ਮੁਅੱਤਲ ਕਰਕੇ ਨਵੀਂ ਦੀਤਾਰ ਸਕਿਉਰਿਟੀ ਸਰਵਿਸ ਏਜੰਸੀ ਨੂੰ ਠੇਕਾ ਦੇ ਦਿੱਤਾ ਅਤੇ ਪੁਰਾਣੀ ਟੌਲ ਪਲਾਜ਼ਾ ਕੰਪਨੀ ਫੀਡਬੈਕ ਹਾਈਵੇਜ਼ ਓਐੱਮਟੀ ਲਿਮਟਿਡ ਨੇ ਵਰਕਰਾਂ ਨੂੰ ਤਨਖਾਹਾਂ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।