ਪੱਤਰ ਪ੍ਰੇਰਕ
ਲਹਿਰਾਗਾਗਾ, 18 ਅਪਰੈਲ
ਇਥੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਸਟਾਫ ਨੂੰ ਤਨਖਾਹ ਨਾ ਦੇਣ ਤੇ ਖੁਦਕਸ਼ੀ ਕਰਨ ਵਾਲੇ ਦਵਿੰਦਰ ਸਿੰਘ ਦੇ ਵਾਰਸਾਂ ਨੂੰ ਐਲਾਨੀ ਨੌਕਰੀ, ਬਾਕੀ ਤਨਖਾਹ, ਭੱਤੇ ’ਤੇ ਬਾਕੀ ਸਟਾਫ ਦੀ 6 ਮਹੀਨਿਆਂ ਦੀ ਤਨਖਾਹ ਨੂੰ ਲੈਕੇ ਲਗਾਤਾਰ ਧਰਨਾ ਜਾਰੀ ਹੈ। ਐਕਸ਼ਨ ਕਮਟੀ ਨੇ ਐੱਸਡੀਐੱਮ ਨਵਨੀਤ ਕੌਰ ਸੇਖੋਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਦਵਿੰਦਰ ਸਿੰਘ ਮਾਮਲੇ ਸਮੇਂ ਡੀਸੀ ਸੰਗਰੂਰ ਤੇ ਵਿਧਾਇਕ ਬਰਿੰਦਰ ਗੋਇਲ ਨੇ ਵਾਅਦਾ ਕੀਤਾ ਸੀ ਕਿ ਤਨਖਾਹ ਨਾ ਮਿਲਣ ਕਰਕੇ ਖੁਦਕਸ਼ੀ ਕਰਨ ਵਾਲੇ ਕਲਰਕ ਦੀ ਪਤਨੀ ਨੂੰ ਸਰਕਾਰੀ ਨੌਕਰੀ, ਪਰਿਵਾਰ ਨੂੰ ਬਣਦੀ ਪੈਂਡਿੰਗ ਪਈ ਸਾਰੀ ਤਨਖਾਹ ਤੇ ਦੱਸ ਲੱਖ ਅਤੇ ਸਟਾਫ ਦੀ ਛੇ ਮਹੀਨੇ ਤੱਕ ਦੀ ਤਨਖਾਹ ਤੇ ਮੁਆਵਜ਼ਾ ਭੋਗ ’ਤੇ ਦੇਣ ਦਾ ਵਾਅਦਾ ਕੀਤਾ ਸੀ ਪਰ ਮਹੀਨਾ ਟੱਪਣ ਦੇ ਬਾਵਜੂਦ ਸਰਕਾਰ ਨੇ ਦੱਸ ਲੱਖ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਮਸਲੇ ਬਾਰੇ ਸੈਕਟਰੀ ਤਕਨੀਕੀ ਸਿੱਖਿਆ ਅਤੇ ਸੈਕਟਰੀ ਫਾਇਨਾਂਸ ਦੇ ਨਾਲ ਰਾਬਤਾ ਕਾਇਮ ਕਰਕੇ ਬਾਕੀ ਰਹਿੰਦੇ ਕੰਮ ਤੁਰੰਤ ਕਰਵਾਏ ਜਾਣ। ਐਕਸ਼ਨ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਮਸਲੇ ਦਾ ਹੱਲ ਛੇਤੀ ਨਾ ਕਰਨ ਕਰਕੇ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਸੰਘਰਸ਼ ਕਰੇਗੀ।