ਪੱਤਰ ਪ੍ਰੇਰਕ
ਲਹਿਰਾਗਾਗਾ, 1 ਮਈ
ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਦੇ ਕਰਮਚਾਰੀਆਂ ਵੱਲੋਂ ਅੱਜ ਪੰਜਵੇਂ ਦਿਨ ਮਈ ਦਿਵਸ ਮੌਕੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਜਾਰੀ ਰਿਹਾ। ਅੱਜ ਧਰਨੇ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ , ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਰਾਜ ਕੁਮਾਰ, ਬਿਕਰਮ ਗੋਇਲ, ਮਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿ ਵਿਧਾਇਕ ਬਰਿੰਦਰ ਗੋਇਲ ਤੇ ਐੱਸਡੀਐੱਮ ਨਵਰੀਤ ਕੌਰ ਨੇ 30 ਮਾਰਚ ਨੂੰ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਕਾਲਜ ਦੇ ਮਸਲੇ ਦਾ ਛੇਤੀ ਹੱਲ ਕੱਢਿਆ ਜਾਵੇਗਾ, ਪਰ ਹਾਲੇ ਤੱਕ ਕੁੱਝ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਲਰਕ ਦਵਿੰਦਰ ਸਿੰਘ ਵਰਮਾ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੰਸਥਾ ਦਾ ਸਥਾਈ ਹੱਲ ਕਰਕੇ ਨਵੇਂ ਦਾਖ਼ਲੇ ਸ਼ੁਰੂ ਨਾ ਕੀਤੇ, ਕਰਮਚਾਰੀਆਂ ਦੀਆਂ 36 ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ, ਖੁਦਕਸ਼ੀ ਕਰਨ ਵਾਲੇ ਕਲਰਕ ਦਵਿੰਦਰ ਸਿੰਘ ਦੀ ਪਤਨੀ ਨੂੰ ਨੌਕਰੀ ਨਾ ਦਿੱਤੀ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।