ਪੱਤਰ ਪ੍ਰੇਰਕ
ਲਹਿਰਾਗਾਗਾ, 28 ਮਈ
ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਮੁਲਾਜ਼ਮਾਂ ਦਾ ਧਰਨਾ 148ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ ਚੱਲਦਿਆਂ ਉਨ੍ਹਾਂ ਨੂੰ ਅੱਜ ਐੱਸਡੀਐੱਮ ਦਫ਼ਤਰ ਵਿੱਚ ਬੈਠਿਆਂ ਪੂਰਾ ਇੱਕ ਮਹੀਨਾ ਹੋ ਗਿਆ ਹੈ। ਅੱਜ ਦੇ ਦਿਨ ਦੀ ਸ਼ੁਰੂਆਤ ਮਨਜੀਤ ਸਿੰਘ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਪੂਰੇ ਜੋਸ਼ ਨਾਲ ਇਨ੍ਹਾਂ ਮੁਲਾਜ਼ਮਾਂ ਦਾ ਸਾਥ ਦੇ ਰਹੀ ਹੈ। ਬੀਕੇਯੂ ਦੇ ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ ਨੇ ਕਿਹਾ ਕਿ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਧੱਕਾ ਕਿਸੇ ਵੀ ਵਰਗ ’ਤੇ ਨਹੀਂ ਝੱਲਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਭੱਠਲ ਕਾਲਜ ਦੇ ਮੁਲਾਜ਼ਮਾਂ ਦੀਆਂ ਨੌਕਰੀਆਂ, ਪਿਛਲੀਆਂ ਤਨਖਾਹਾਂ ਅਤੇ ਕਾਲਜ ਨੂੰ ਚਲਾਉਣ ਦਾ ਕੰਮ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਮੁਲਾਜ਼ਮਾਂ ਅਤੇ ਕਿਸਾਨ ਜਥੇਬੰਦੀ ਦਾ ਵਿਰੋਧ ਝੱਲਣਾ ਪਵੇਗਾ। ਬੀਕੇਯੂ ਦੇ ਇਕਾਈ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਣਾ ਵੀ ਪਿਆ ਤਾਂ ਜਥੇਬੰਦੀ ਪਿੱਛੇ ਨਹੀਂ ਹਟੇਗੀ। ਇਸ ਮੌਕੇ ਐਕਸ਼ਨ ਕਮੇਟੀ ਦੇ ਕਮਲ ਗਰਗ, ਰਾਜ ਕੁਮਾਰ ਤੇ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।