ਪੱਤਰ ਪ੍ਰੇਰਕ
ਸ਼ੇਰਪੁਰ, 22 ਫਰਵਰੀ
ਚੋਣ ਪ੍ਰਕਿਰਿਆ ਮੌਕੇ ਮੁਲਾਜ਼ਮਾਂ ਦੀ ਨਾ-ਬਰਦਾਸ਼ਤਯੋਗ ਖੱਜਲ-ਖੁਆਰੀ ਦੀ ਦੋਸ਼ਪੂਰਨ ਵਿਧੀ ’ਤੇ ਅਧਿਆਪਕ ਨੇਤਾਵਾਂ ਨੇ ਉਂਗਲ ਚੁੱਕਦਿਆਂ ਚੋਣ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ। ਅਧਿਆਪਕ ਦਲ ਪੰਜਾਬ (ਜਵੰਧਾ) ਦੇ ਸੂਬਾਈ ਆਗੂ ਹਰਦੇਵ ਸਿੰਘ ਜਵੰਧਾ ਨੇ ਦੱਸਿਆ ਕਿ ਬਹੁਗਿਣਤੀ ਮੁਲਾਜ਼ਮ ਚੋਣ ਡਿਊਟੀਆਂ ਲੱਗਣ ਸਾਰ ਹੀ ਡਿਊਟੀ ਕਟਵਾਉਣ ਨੂੰ ਇਸ ਕਰਕੇ ਕਾਹਲੇ ਪੈ ਜਾਂਦੇ ਹਨ ਚੋਣ ਪ੍ਰਕਿਰਿਆ ਦੌਰਾਨ ਸਭ ਤੋਂ ਔਖੀ ਵਿਧੀ ਅੱਧੀ-ਅੱਧੀ ਰਾਤ ਤੱਕ ਸਾਮਾਨ ਜਮ੍ਹਾਂ ਕਰਵਾਏ ਜਾਣ ਨੂੰ ਮੰਨਦੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਸੂਬਾਈ ਆਗੂ ਫਕੀਰ ਸਿੰਘ ਟਿੱਬਾ ਨੇ ਦੱਸਿਆ ਕਿ ਡਿਊਟੀਆਂ ਦੌਰਾਨ ਕੰਪਿਊਟਰ ਰਾਹੀਂ ਲਗਾਏ ਜਾਣ ਦੀ ਥਾਂ ਜੇ ਦਸਤੀ ਲਗਾਈਆਂ ਜਾਣ ਤਾਂ ਔਰਤਾਂ ਨੂੰ ਆਪਣੇ ਘਰਾਂ ਤੋਂ 50 ਤੋਂ 75 ਕਿੱਲੋਮੀਟਰ ਦੂਰ ਡਿਊਟੀਆਂ ’ਤੇ ਜਾਣ ਦੀ ਔਖਿਆਈ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਮੌਕ ਪੋਲ ਲਈ ਸਵੇਰੇ ਸਾਢੇ ਪੰਜ ਵਜੇ ਡਿਊਟੀ ’ਤੇ ਆਉਣ ਤੋਂ ਰਾਤ ਤਕਰੀਬਨ 2 ਵਜੇ ਤੱਕ ਸਾਮਾਨ ਜਮ੍ਹਾਂ ਕਰਵਾਉਣ ਦੀ ਔਖੀ ਪ੍ਰਕਿਰਿਆ ਨੂੰ ਸੌਖਾ ਕਰਨ ਦੀ ਲੋੜ ਹੈ। ਸ੍ਰੀ ਟਿੱਬਾ ਨੇ ਮੰਗ ਕੀਤੀ ਕਿ ਮਹਿਲਾ ਮੁਲਾਜ਼ਮਾਂ ਦੀਆਂ ਡਿਊਟੀਆਂ ਉਨ੍ਹਾਂ ਦੀ ਨਿਯੁਕਤੀ ਵਾਲੀ ਥਾਂ ’ਤੇ ਲਗਾਈਆਂ ਜਾਣ। ਏਡੀਸੀ ਵਿਕਾਸ ਅਰੁਣ ਕੁਮਾਰ ਨੇ ਕਿਹਾ ਕਿ ਉਹ ਨੋਡਲ ਅਫ਼ਸਰ ਹਨ ਜਿਸ ਕਰਕੇ ਇਸ ਮਾਮਲੇ ’ਤੇ ਡਿਪਟੀ ਕਮਿਸ਼ਨਰ ਹੀ ਪੱਖ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨਾਲ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।