ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਮਾਰਚ
ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਸਾਂਝੇ ਮੁਲਾਜ਼ਮ ਮੰਚ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਤੀਜੇ ਦਿਨ ਵੀ ਭੁੱਖ ਹੜਤਾਲ ਕੀਤੀ ਗਈ ਜਿਸ ਮਗਰੋਂ ਨਿਰਮਾਣ ਭਵਨ ਅੱਗੇ ਰੋਸ ਰੈਲੀ ਵੀ ਕੀਤੀ ਗਈ। ਇਸ ਦੌਰਾਨ ਹੀ ਵੱਖ ਵੱਖ ਵਿਭਾਗਾਂ ਦੇ ਪੁਨਰਗਠਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਦੀ ਭੁੱਖ ਹੜਤਾਲ ਕਿਰਸਾਨੀ ਤੇ ਮਜ਼ਦੂਰ ਸੰਘਰਸ਼ਾਂ ਸਮੇਤ ਲੱਕ ਤੋੜਵੀਂ ਮਹਿੰਗਾਈ ਨੂੰ ਵੀ ਸਮਰਪਿਤ ਕੀਤੀ ਜਿਸ ਤਹਿਤ ਅੱਜ ਇਨ੍ਹਾਂ ਮੁਲਾਜ਼ਮਾਂ ਨੇ ਮਹਿੰਗਾਈ ਦੇ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ। ਭੁੱਖ ਹੜਤਾਲ ਤੇ ਰੋਸ ਰੈਲੀ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੀ ਸਥਿਤ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਤੱਕ ਉਨ੍ਹਾਂ ਨੇ ਰੋਸ ਵਜੋਂ ਸਿਰਾਂ ’ਤੇ ਖਾਲੀ ਗੈਸ ਸਿਲੰਡਰ ਰੱਖ ਕੇ ਮਾਰਚ ਕੀਤਾ। ਫੇਰ ਪੈਟਰੋਲੀਅਮ ਵਸਤਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਖਿਲਾਫ਼ ਸਾਹਮਣੇ ਸਿਲੰਡਰ ਰੱਖ ਮੋਦੀ ਅਤੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ। ਰਾਜਪੁਰਾ ਵਿੱਚ ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਤੇ ਪੰਜਾਬ ਦੇ ਮੁੱਖ ਸਕੱਤਰ ਵਲੋਂ ਛੇਵੇਂ ਵੇਤਨ ਕਮਿਸ਼ਨ ਦੀ ਮਿਆਦ 31 ਮਾਰਚ ਤੱਕ ਵਧਾਉਣ ਦੇ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਖੁਸ਼ਿਵੰਦਰ ਕਪਿਲਾ, ਬਚਿੱਤਰ ਸਿੰਘ, ਗੁਰਮੀਤ ਵਾਲੀਆ, ਸਵਰਨ ਬੰਗਾ, ਗੁਰਦੀਪ ਵਾਲੀਆ, ਗੁਰਮੇਲ ਵਿਰਕ, ਜਗਜੀਤ ਸਿੰਘ ਦੂਆ, ਸਤਪਾਲ ਰਾਹੀ, ਜਗਮੋਹਨ ਸਿੰਘ ਨੋਲੱਖਾ, ਦੀਪ ਚੰਦ ਹੰਸ, ਰਾਮ ਕਿਸ਼ਨ, ਮਾਧੋ ਲਾਲ, ਸੁਰਜ ਪਾਲ ਯਾਦਵ, ਰਾਮ ਲਾਲ ਰਾਮਾ, ਹਰਦੀਪ ਰੱਖੜਾ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਉਪ ਨੈਨ ਆਦਿ ਹਾਜਰ ਸਨ।
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਚੌਥੇ ਦਿਨ ਵੀ ਡੀਸੀ ਕੰਪਲੈਕਸ ਅੱਗੇ ਸਮੂਹਿਕ ਭੁੱਖ ਹੜਤਾਲ ਜਾਰੀ ਰਹੀ ਅਤੇ 6ਵੇਂ ਪੇਅ ਕਮਿਸ਼ਨਰ ਦੀ ਰਿਪੋਰਟ ਜਾਰੀ ਕਰਨ ਦਾ ਸਮਾਂ 31 ਮਾਰਚ ਤੱਕ ਵਧਾਉਣ ਦੇ ਖ਼ਿਲਾਫ਼ ਪੱਤਰ ਦੀਆਂ ਕਾਪੀਆਂ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਸਾਥੀ ਬਾਲ ਕ੍ਰਿਸ਼ਨ ਚੌਹਾਨ, ਸੁਖਦੇਵ ਸਿੰਘ ਚੰਗਾਲੀਵਾਲਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸਰਮਾ, ਮੇਲਾ ਸਿੰਘ ਪੁੰਨਾਂਵਾਲ, ਵਾਸਵੀਰ ਭੁੱਲਰ, ਪ੍ਰੀਤਮ ਸਿੰਘ ਧੂਰਾ, ਸੀਤਾ ਰਾਮ ਸਰਮਾ, ਅਭਿਨਾਸ ਸ਼ਰਮਾ ਅਤੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਸੰਘਰਸ਼ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਰੈਵੇਨਿਊ ਪਟਵਾਰ ਯੂਨੀਅਨ ਨੇ ਵੀ ਭੁੱਖ ਹੜਤਾਲ ’ਚ ਸ਼ਾਮਲ ਹੁੰਦਿਆਂ ਸੰਘਰਸ਼ ਦੀ ਹਮਾਇਤ ਕੀਤੀ।
ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸਾਥੀ ਬਾਲ ਕ੍ਰਿਸ਼ਨ ਚੋਹਾਨ, ਰਾਜ ਕੁਮਾਰ ਅਰੋੜਾ, ਰਣਜੀਤ ਸਿੰਘ ਰਾਣਵਾਂ, ਜਗਦੀਸ ਸਰਮਾਂ, ਗੁਰਪ੍ਰੀਤ ਮੰਗਵਾਲ ਅਤੇ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਸਰਕਾਰ ਨੇ ਸੈਸ਼ਨ ਦੌਰਾਨ ਮੁਲਾਜ਼ਮ ਮੰਗਾਂ ਮੰਨਣ ਦਾ ਭਰੋਸਾ ਤੱਕ ਨਹੀਂ ਦਿੱਤਾ ਗਿਆ ਉਲਟਾ 28 ਫਰਵਰੀ ਤੱਕ ਜਾਰੀ ਕਰਨ ਵਾਲੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਮਾਂ ਪੰਜਵੀਂ ਵਾਰ 31 ਮਾਰਚ ਤੱਕ ਵਧਾਉਣ ਦਾ ਪੱਤਰ ਜਾਰੀ ਕਰ ਦਿੱਤਾ। ਅਜਿਹਾ ਕਰਕੇ ਸਰਕਾਰ ਨੇ ਬਲਦੀ ’ਤੇ ਤੇਲ ਪਾਇਆ ਹੈ ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਵੀ ਕੈਪਟਨ ਸਰਕਾਰ ਦਾ ਕਲਰਕ ਬਣ ਕੇ ਕੰਮ ਕਰ ਰਿਹਾ ਹੈ ਜਿਸ ਨੇ ਆਪਣੀ ਆਜ਼ਾਦ ਹਸਤੀ ਨੂੰ ਖਤਮ ਕਰਕੇ ਕਮਿਸ਼ਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ 8 ਮਾਰਚ ਨੂੰ ਵਿੱਤ ਮੰਤਰੀ ਵਲੋਂ ਵੀ ਮੁਲਾਜ਼ਮ ਵਰਗ ਨਾਲ ਇਨਸਾਫ਼ ਨਹੀਂ ਕੀਤਾ ਜਾਵੇਗਾ ਅਤੇ ਇਹ ਬਜਟ ਸ਼ੇਅਰੋ ਸ਼ਾਇਰੀ ਤੋਂ ਵੱਧ ਕੁੱਝ ਨਹੀਂ ਹੋਵੇਗਾ। ਇਸ ਲਈ 8 ਮਾਰਚ ਨੂੰ ਪੰਜਾਬ ਸਰਕਾਰ ਦੇ ਪੁਤਲੇ ਅਤੇ ਮਾੜੇ ਬਜਟ ਦੀਆਂ ਕਾਪੀਆਂ ਨੂੰ ਫੂਕਣ ਦੀਆਂ ਅਗਾਊਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸਾਥੀ ਭਾਰਤ ਬੇਦੀ ਸਫਾਈ ਮਜਦੂਰ ਯੂਨੀਅਨ, ਰਮੇਸ ਕੁਮਾਰ(ਹੈਲਥ) ਜੀਤ ਸਿੰਘ ਬੰਗਾ, ਰਾਮ ਸਰੂਪ ਢੈਪਈ,ਅਵਤਾਰ ਸਿੰਘ ਗੰਡੂਆਂ, ਪਵਨ ਸਰਮਾ, ਰਾਮ ਸਿੰਘ ਮਹਿਮੀਂ, ਲਾਭ ਸਿੰਘ, ਨਸੀਬ ਚੰਦ ਸਰਮਾਂ, ਵੇਦ ਪ੍ਕਾਸ ਸੱਚਦੇਵਾ, ਰਵਿੰਦਰ ਗੁੱਡੂ,ਦਲਜੀਤ ਢਿੱਲੋਂ, ਭੁਪਿੰਦਰ ਸਿੰਘ ਸੁਨਾਮ, ਮਹਿੰਦਰ ਸਿੰਘ ਤਕੀਪੁਰ, ਰਣਜੀਤ ਸਿੰਘ ਈਸਾਪੁਰ, ਮਾਲਵਿੰਦਰ ਸੰਧੂ, ਜਸਵਿੰਦਰ ਸੋਢੀ, ਗੁਰਮੀਤ ਮਿੱਡਾ, ਅਮਰੀਕ ਸਿੰਘ ਖੇੜੀ ਆਦਿ ਸ਼ਾਮਲ ਸਨ।