ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 17 ਅਗਸਤ
‘ਪਿੰਡ ਬਚਾਓ-ਪੰਜਾਬ ਬਚਾਓ’ ਦੀ ਜ਼ਿਲ੍ਹਾ ਕਮੇਟੀ ਦੇ ਸੱਦੇ ’ਤੇ ਬਲਾਕ ਮਾਲੇਰਕੋਟਲਾ-1 ਦੀ ਚੋਣ ਕਰਨ ਲਈ ਮੀਟਿੰਗ ਪਿੰਡ ਮਾਣਕ ਮਾਜਰਾ ਦੇ ਸ੍ਰੀ ਰਵਿਦਾਸ ਮੰਦਰ ਵਿੱਚ ਹੋਈ, ਜਿਸ ਵਿੱਚ ਬਲਾਕ ਅਧੀਨ ਪੈਂਦੇ ਪਿੰਡਾਂ ਆਗੂ/ਕਾਰਕੁਨ ਤੇ ਆਗੂ ਕਰਨੈਲ ਸਿੰਘ ਜਖੇਪਲ ਅਤੇ ਤਰਸੇਮ ਜੋਧਾਂ ਵਿਸ਼ੇਸ਼ ਤੌਰ ਸ਼ਾਮਲ ਹੋਏ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਗ਼ਲਤ ਫ਼ੈਸਲਿਆਂ ਕਾਰਨ ਪਿੰਡ ਖ਼ਤਮ ਹੋ ਰਹੇ ਹਨ। ਪੰਜਾਬ ਉੱਜੜ ਰਿਹਾ ਹੈ, ਪੰਜਾਬ ਦਾ ਪਾਣੀ, ਮਿੱਟੀ ਅਤੇ ਹਵਾ ਪ੍ਰਦੂਸ਼ਿਤ ਹੋ ਗਈ ਹੈ, ਤੰਦਰੁਸਤ ਪੰਜਾਬੀਆਂ ਦੇ ਘਰ ਕੈਂਸਰ, ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ ਅਤੇ ਕਿਸਾਨ ਅਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਇਸ ਸਾਰੇ ਮਾਹੌਲ ਵਿੱਚ ਪੰਜਾਬ ਦੀ ਨੌਜਵਾਨੀ ਦਾ ਗੁਰੂਆਂ ਦੀ ਇਸ ਧਰਤੀ ‘ਤੇ ਜੀਅ ਲੱਗਣੋਂ ਹਟ ਗਿਆ ਹੈ। ਉਨ੍ਹਾਂ ਦੇ ਸੁਪਨਿਆਂ ਦੇ ਪੰਜਾਬ ਦੀ ਥਾਂ ਹੁਣ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੇ ਲੈ ਲਈ ਹੈ। ਮੌਜੂਦਾ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੇ ਵਿਕਾਸ ਮਾਡਲ ਨਾਲ ਕੁਦਰਤ ਦੀ ਹੋ ਰਹੀ ਬਰਬਾਦੀ ਅਤੇ ਅਮੀਰ-ਗ਼ਰੀਬ ਦੇ ਵਧ ਰਹੇ ਪਾੜੇ ਦੇ ਮੁਕਾਬਲੇ ‘ਬਲਿਹਾਰੀ ਕੁਦਰਤ ਵੱਸਿਆ’ ਦੇ ਸਿਧਾਂਤ ਤਹਿਤ ਮਨੁੱਖਤਾ ਨੂੰ ਬਦਲਵੇਂ ਮਾਡਲ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਇਸੇ ਦੀ ਦਿਸ਼ਾ ਵਿੱਚ ਪੰਜਾਬ ਨੂੰ ਮੁੜ ਸੁਪਨਿਆਂ ਦੀ ਧਰਤੀ ਵਜੋਂ ਚੇਤਿਆਂ ਵਿੱਚ ਉੱਕਰਨ ਵਾਸਤੇ ਸੂਝਵਾਨ ਪੰਜਾਬੀਆਂ ਨੂੰ ਇੱਕ ਠੋਸ ਏਜੰਡੇ ਤਹਿਤ ਇੱਕਜੁੱਟ ਹੋਣ ਦੀ ਲੋੜ ਹੈ। ਇਸੇ ਦਿਸ਼ਾ ਵਿੱਚ ‘ਪਿੰਡ ਬਚਾਓ-ਪੰਜਾਬ ਬਚਾਓ’ ਦੀ ਟੀਮ ਕੰਮ ਕਰ ਰਹੀ ਹੈ। ਇਸ ਮੀਟਿੰਗ ਮੌਕੇ ਬਲਾਕ ਮਾਲੇਰਕੋਟਲਾ-1 ਦੀ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।