ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਅਗਸਤ
ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਿਵੀਜ਼ਨ ਸ਼ਹਿਰੀ-2 ਮਾਲੇਰਕੋਟਲਾ ਦੇ ਦਫ਼ਤਰ ਦੇ ਮੁੱਖ ਦਰਵਾਜ਼ੇ ਅੱਗੇ ਜਸਵੀਰ ਸਿੰਘ ਨੌਧਰਾਣੀ ਦੀ ਅਗਵਾਈ ਵਿੱਚ ਬਿਜਲੀ ਸੋਧ ਬਿੱਲ ਦੇ ਵਿਰੋਧ ‘ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਨੌਧਰਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਅਤੇ ਆਮ ਲੋਕਾਂ ਖ਼ਿਲਾਫ਼ ਇੱਕ ਹੋਰ ਹਮਲਾ ਕਰਦਿਆਂ ਬਿਜਲੀ ਸੋਧ ਬਿਲ 2022 ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਲਿਆਂਦਾ ਹੈ। ਇਸ ਦੌਰਾਨ ਹਰਵਿੰਦਰ ਸਿੰਘ ਬਨਭੌਰਾ, ਕਮਲਦੀਪ ਸਿੰਘ ਹਥਨ ਅਤੇ ਮਨਦੀਪ ਸਿੰਘ ਕੁਠਾਲਾ ਮੰਗ ਕੀਤੀ ਕਿ ਸੀ.ਆਰ.ਏ. 295/19 ਵਿੱਚ ਰਹਿੰਦੇ 582 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਸੀ.ਆਰ.ਏ. 289/16 ਅਤੇ 295/19 ਅਧੀਨ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਨੂੰ ਜੁਆਇਨ ਸਮੇਂ ਤੋਂ ਲਾਈਨਮੈਨ ਬਣਾਇਆ ਜਾਵੇ।
ਪਟਿਆਲਾ (ਖੇਤਰੀ ਪ੍ਰਤੀਨਿਧ): ਬਿਜਲੀ ਕਾਮਿਆਂ ਨੇ ਅੱਜ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਦਿਆਂ ਇਸ ਬਿੱਲ ਦੀਆਂ ਕਾਪੀਆਂ ਸਾੜ ਕੇ ਆਪਣੀ ਭੜਾਸ ਕੱਢੀ। ਪੰਜਾਬ ਭਰ ’ਚ ਕੀਤੀਆਂ ਗਈਆਂ ਰੈਲੀਆਂ ਨੂੰ ਕਰਮਚੰਦ ਭਾਰਦਵਾਜ, ਕੁਲਦੀਪ ਖੰਨਾ, ਬਲਦੇਵ ਮੰਡਾਲੀ, ਅਵਤਾਰ ਕੈਂਥ, ਹਰਪਾਲ ਸਿੰਘ, ਕੌਰ ਸਿੰਘ ਸੋਹੀ, ਰਵੇਲ ਸਹਾਏਪੁਰ, ਜਗਜੀਤ ਕੋਟਲੀ, ਬਲਵਿੰਦਰ ਸੰਧੂ ਤੇ ਸੁਖਵਿੰਦਰ ਚਾਹਲ ਆਦਿ ਨੇ ਸੰਬੋਧਨ ਕੀਤਾ।
ਧੂਰੀ (ਖੇਤਰੀ ਪ੍ਰਤੀਨਿਧ): ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸਡ ਠੇਕਾ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਆਊਟਸੋਰਸਡ ਠੇਕਾ ਮੁਲਾਜ਼ਮਾਂਵ ੱਲੋਂ ਸ਼ਹਿਰ ਵਿੱਚ ਮਾਰਚ ਕਰਨ ਉਪਰੰਤ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।