ਰਾਜਿੰਦਰ ਜੈਦਕਾ
ਅਮਰਗੜ੍ਹ, 25 ਜੂਨ
ਇੱਥੇ ਪੀਐੱਸਪੀਸੀਐੱਲ ਦੇ ਕਰਮਚਾਰੀ ਦਫ਼ਤਰ ਦੀ ਖ਼ਸਤਾ ਹਾਲ ਇਮਾਰਤ ਤੋਂ ਕਾਫੀ ਪ੍ਰੇਸ਼ਾਨ ਹਨ। ਇਮਾਰਤ ਦੀ ਛੱਤ ਤੋਂ ਸੀਮਿੰਟ ਦੇ ਖਲੇਪੜ ਡਿੱਗਣ ਕਾਰਨ ਕਈ ਵਾਰ ਮੁਲਾਜ਼ਮ ਜ਼ਖ਼ਮੀ ਵੀ ਹੋ ਚੁੱਕੇ ਹਨ ਪਰ ਮਹਿਕਮਾ ਨਾ ਤਾਂ ਨਵੀਂ ਇਮਾਰਤ ਬਣਾ ਰਿਹਾ ਹੈ ਤੇ ਨਾ ਹੀ ਕਿਤੇ ਹੋਰ ਕਿਰਾਏ ’ਤੇ ਇਮਾਰਤ ਲੈਣ ਦੀ ਹਾਮੀ ਭਰ ਰਿਹਾ ਹੈ। ਦਫ਼ਤਰ ਦੇ ਮੁਲਾਜ਼ਮਾਂ ਨੂੰ ਆਪਣੀ ਜਾਨ ਜੋਖ਼ਮ ’ਚ ਪਾ ਕੇ ਖ਼ਸਤਾ ਹਾਲ ਇਮਾਰਤ ’ਚ ਬੈਠ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਦਫ਼ਤਰ ਦੀ ਇਮਾਰਤ ਡਿੱਗਣ ਦੇ ਡਰੋਂ ਉਹ ਇਮਾਰਤ ਤੋਂ ਬਾਹਰ ਚਲੇ ਜਾਂਦੇ ਹਨ। ਇਮਾਰਤ ਦੀਆਂ ਛੱਤਾਂ ਥਾਂ-ਥਾਂ ਤੋਂ ਚੋਅ ਰਹੀਆਂ ਹਨ। ਛੱਤਾਂ ਤੋਂ ਸੀਮਿੰਟ ਥੱਲੇ ਡਿੱਗਣ ਕਾਰਨ ਛੱਤ ਵਿੱਚ ਪਿਆ ਜੰਗ ਨਾਲ ਖਾਧਾ ਸਰੀਆ ਦੇਖ ਕੇ ਡਰ ਲੱਗਦਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੰਗ ਲੱਗਿਆ ਸਰੀਆ ਵੀ ਹੁਣ ਬਹੁਤੀ ਦੇਰ ਛੱਤ ਦਾ ਭਾਰ ਨਹੀਂ ਝੱਲ ਸਕਦਾ, ਜਿਸ ਕਾਰਨ ਇਹ ਇਮਾਰਤ ਕਦੇ ਵੀ ਡਿੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਸਬੰਧੀ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ। ਦਫ਼ਤਰ ਦੀ ਇਮਾਰਤ ਦੀ ਖ਼ਸਤਾ ਹਾਲਤ ਅਤੇ ਨਵੀਂ ਇਮਾਰਤ ਬਣਾਉਣ ਬਾਰੇ ਇਸ ਦਫ਼ਤਰ ਵੱਲੋਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ ਹੈ।