ਪੱਤਰ ਪ੍ਰੇਰਕ
ਸੰਗਰੂਰ, 8 ਅਗਸਤ
ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਪੈਨਸ਼ਨਰਾਂ ਵੱਲੋਂ ਸਰਪ੍ਰਸਤ ਜਗਦੀਸ਼ ਸ਼ਰਮਾ ਅਤੇ ਪ੍ਰਧਾਨ ਅਰਜਨ ਸਿੰਘ ਦੀ ਅਗਵਾਈ ਹੇਠ ਡੀ.ਸੀ. ਕੰਪਲੈਸਕ ਵਿੱਚ ਚੋਣ ਇਜਲਾਸ ਕੀਤਾ ਗਿਆ| ਇਸ ਦੌਰਾਨ ਹਾਊਸ ਵੱਲੋਂ ਅਮਰਨਾਥ ਸ਼ਰਮਾ, ਸਤਪਾਲ ਕਲਸੀ, ਸੁਖਵਿੰਦਰ ਸਿੰਘ, ਰਾਮ ਲਾਲ ਸ਼ਰਮਾ ਅਤੇ ਸਵਰਨ ਸਿੰਘ ’ਤੇ ਅਧਾਰਿਤ ਚੋਣਕਾਰ ਮੰਡਲ ਬਣਾਇਆ ਗਿਆ| ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਅਰਜਨ ਸਿੰਘ ਅਤੇ ਜਨਰਲ ਸਕੱਤਰ ਬਿੱਕਰ ਸਿੰਘ ਨੇ ਪਿਛਲੀ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ। ਵਿੱਤ ਸਕੱਤਰ ਕਰਨੈਲ ਸਿੰਘ ਨੇ ਲੋਖ ਜੋਖਾ ਪੇਸ਼ ਕੀਤਾ, ਜਿਸ ਨੂੰ ਹਾਊਸ ਨੇ ਪਾਸ ਕੀਤਾ| ਇਸ ਮਗਰੋਂ ਪ੍ਰਧਾਨ ਨੇ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ| ਇਸ ਮੌਕੇ ਚੋਣਕਾਰ ਮੰਡਲ ਵੱਲੋਂ ਨਵੇਂ ਅਹੁਦੇਦਾਰ ਸਰਪ੍ਰਸਤ, ਪ੍ਰਧਾਨ, ਜਨਰਲ ਸਕੱਤਰ ਅਤੇ ਕੈਸ਼ੀਅਰ ਦੇ ਅਹੁਦਿਆਂ ਲਈ ਹਾਊਸ ਵਿਚ ਪੈਨਲ ਪੇਸ਼ ਕੀਤਾ, ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ| ਇਸ ਮੌਕੇ ਹੋਈ ਚੋਣ ਦੌਰਾਨ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਅਰਜਨ ਸਿੰਘ, ਜਨਰਲ ਸਕੱਤਰ ਬਿੱਕਰ ਸਿੰਘ ਅਤੇ ਖਜ਼ਾਨਚੀ ਕਰਨੈਲ ਸਿੰਘ ਨੂੰ ਦੋ ਸਾਲਾਂ ਲਈ ਐਸੋਸੀਏਸ਼ਨ ਦੇ ਅਹੁਦੇਦਾਰ ਚੁਣਿਆ ਗਿਆ|