ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਜੂਨ
ਇੱਥੇ ਕਾਕੜਾ ਰੋਡ ਦੀ ਸੱਥ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਨਰਾਜ਼ ਵੋਟਰਾਂ ਨੇ ਵਿਧਾਨ ਸਭਾ ਚੋਣ ਵਿੱਚ ‘ਆਪ’ ਨੂੰ ਰਿਕਾਰਡ ਤੋੜ ਜਿੱਤ ਦਿਵਾ ਕੇ ਸਰਕਾਰ ਸਥਾਪਤ ਕੀਤੀ ਪਰ ਮਾਨ ਸਰਕਾਰ ਸਿਰਫ ਤਿੰਨ ਮਹੀਨਿਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਬਣ ਗਈ ਹੈ। ਅੱਜ ਹਰ ਵਰਗ ਮਾਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੋਂ ਦੁਖੀ ਹੋ ਗਿਆ ਹੈ। ਉੁਨ੍ਹਾਂ ਕਿਹਾ ਕਿ ਭਾਜਪਾ, ਅਕਾਲੀ ਦਲ ਤੇ ਮਾਨ ਦਲ ਵਾਲੇ ਫਿਰਕੂ ਪੱਤਾ ਖੇਡ ਰਹੇ ਹਨ ਜੋ ਪੰਜਾਬ ਤੇ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਮਿਹਨਤੀ ਨੌਜਵਾਨ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ,ਜਿਸ ਨੂੰ ਵੋਟਰਾਂ ਦੇ ਅਸ਼ੀਰਵਾਦ ਨਾਲ ਕਾਮਯਾਬ ਕਰਨਾ ਹੈ। ਪਾਰਟੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਭਰੋਸਾ ਦਿਵਾਇਆ ਕਿ ਜੇਕਰ ਵੋਟਰਾਂ ਨੇ ਅਸ਼ੀਰਵਾਦ ਦਿੱਤਾ ਤਾਂ ਉਹ ਹਲਕੇ ਦੇ ਲੋਕਾਂ ਅਤੇ ਪੰਜਾਬ ਦੀ ਅਵਾਜ਼ ਸੰਸਦ ਵਿੱਚ ਉਠਾਉਣਗੇ। ਇਸ ਮੌਕੇ ਮੋਹਿਤ ਮਹਿੰਦਰਾ, ਸੁਖਮਿੰਦਰਪਾਲ ਸਿੰਘ ਤੂਰ, ਬਲਵਿੰਦਰ ਸਿੰਘ ਘਾਬਦੀਆ, ਹਰਮਨ ਨੰਬਰਦਾਰ ਐੱਮਸੀ, ਸੰਜੀਵ ਲਾਲਕਾ, ਗੁਰਪ੍ਰੀਤ ਸਿੰਘ ਕੰਧੋਲਾ, ਸੁਦਰਸ਼ਨ ਸਲਦੀ, ਸਵਰਨ ਸਿੰਘ, ਗੋਲਡੀ ਕਾਕੜਾ, ਮੰਗਤ ਸ਼ਰਮਾ, ਜੀਤ ਸਿੰਘ, ਜਗਰੂਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।