ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਜੂਨ
ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਵੱਲੋਂ ਅੱਜ ਇੱਥੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਤੋਂ ਪਾਰਟੀ ਉਮੀਦਵਾਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸਿਮਰਤ ਕੌਰ ਖੰਗੂੜਾ ਨੇ ਕਿਹਾ ਕਿ ਵੱਡੇ ਵੱਡੇ ਸੁਪਨੇ ਦਿਖਾ ਕੇ ਭਾਰੀ ਬਹੁਮਤ ਨਾਲ ਸਥਾਪਤ ਹੋਈ ਆਪ ਸਰਕਾਰ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਸਿਰਫ ਤਿੰਨ ਮਹੀਨਿਆਂ ਅੰਦਰ ਹੀ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਸਾਰੇ ਵਰਗਾਂ ਅਤੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ, ਪਰ ਭਾਜਪਾ, ਅਕਾਲੀ ਦਲ ਤੇ ਮਾਨ ਦਲ ਵਾਲੇ ਫ਼ਿਰਕੂ ਨਫ਼ਰਤ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਦਲਵੀਰ ਸਿੰਘ ਗੋਲਡੀ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੰਦੇ ਹਨ ਅਤੇ ਜੇਕਰ ਵੋਟਰਾਂ ਨੇ ਸਮਾਂ ਦਿੱਤਾ ਤਾਂ ਉਹ ਪਾਰਲੀਮੈਂਟ ਵਿੱਚ ਹਲਕੇ ਦੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।