ਬੀਰਬਲ ਰਿਸ਼ੀ
ਸ਼ੇਰਪੁਰ, 6 ਅਕਤੂਬਰ
ਪਿੰਡ ਹੇੜੀਕੇ ’ਚ ਪੰਚਾਇਤ ਸੈਕਟਰੀ ਦੀ ਅਗਵਾਈ ਹੇਠ ਪੰਚਾਇਤੀ ਮੀਟਿੰਗ ਸਮੇਂ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ ਆਪਸੀ ਤਕਰਾਰ ਤੋਂ ਵਧੇ ਵਾਦ-ਵਿਵਾਦ ‘ਚ ਪੰਚ ਪ੍ਰੇਮਜੀਤ ਸਿੰਘ ਸਣੇ ਅੱਠ ਮਰਦ ਤੇ ਔਰਤਾਂ ਪਿੰਡ ਦੀ ਵਾਟਰ ਵਰਕਸ ’ਤੇ ਚੜ੍ਹ ਗਈਆਂ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਦਰਖਾਸਤਾਂ ਲਈਆਂ ਜਾ ਰਹੀਆਂ ਹਨ ਜਿਸ ਨਾਲ ਵਿਤਕਰੇ ਦਾ ਖਦਸਾ਼ ਹੈ। ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਪੰਚਾਇਤ ਸੈਕਟਰੀ ਪ੍ਰਵੀਨ ਕੁਮਾਰ ਤੋਂ ਪਿੰਡ ਦੇ ਪੰਚ ਪ੍ਰੇਮਜੀਤ ਸਿੰਘ ਤੇ ਹੋਰ ਮਜ਼ਦੂਰਾਂ ਨੇ ਲਿਖਤੀ ਦਰਖਾਸ਼ਤਾਂ ਦੀ ਥਾਂ ਮਹਿਕਮੇ ਵੱਲੋਂ ਆਏ ਫਾਰਮ ਭਰੇ ਜਾਣ ਦੀ ਮੰਗ ਰੱਖੀ। ਤਕਰਾਰ ਮਗਰੋਂ ਇਸ ਪੰਚ ਤੋਂ ਇਲਾਵਾ ਕਿਰਨਦੀਪ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਹਰਬੰਸ ਕੌਰ, ਬੇਅੰਤ ਸਿੰਘ, ਬਲਵਿੰਦਰ ਸਿੰਘ ਆਦਿ ਨਾਅਰੇ ਮਾਰਦੇ ਹੋਏ ਟੈਂਕੀ ’ਤੇ ਜਾ ਚੜ੍ਹੇ। ਸਰਪੰਚ ਪਾਲਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਪੰਜ ਮਰਲੇ ਦੇ ਪਲਾਟਾਂ ਲਈ ਅਰਜ਼ੀਆਂ ਲੈ ਰਿਹਾ ਹੈ ਜਿਸ ਸਬੰਧੀ ਕੌਣ ਪਲਾਟ ਦਾ ਹੱਕਦਾਰ ਹੈ ਕੌਣ ਨਹੀਂ ਇਸਦੀ ਵੈਰੀਫਿਕੇਸ਼ਨ ਵਿਭਾਗ ਨੇ ਖੁਦ ਕਰਨੀ ਹੈ ਤੇ ਇਸ ’ਚ ਪੰਚਾਇਤ ਦਾ ਰੋਲ ਨਹੀਂ। ਪੰਚਾਇਤ ਸੈਕਟਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਪੰਚ ਸਮੇਤ ਹੋਰ ਮਜ਼ਦੂਰਾਂ ਨੇ ਫਾਰਮਾਂ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਲਿਖਤੀ ਦਰਖਾਸਤਾਂ ਹੀ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਰਖਾਸਤਾਂ ਹੁਣ ਵੀ ਦਿੱਤੀਆਂ ਜਾ ਸਕਦੀਆਂ ਹਨ। ਉਧਰ ਸ਼ਾਮ ਸਮੇਂ ਸ਼ੇਰਪੁਰ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਪੁੱਜੇ ਜਿਨ੍ਹਾਂ ਨੇ ਮਸਲੇ ਦੇ ਤੁਰੰਤ ਪੱਕੇ ਹੱਲ ਦਾ ਭਰੋਸਾ ਦੇ ਕੇ ਮਜ਼ਦੂਰਾਂ ਨੂੰ ਟੈਂਕੀ ਤੋਂ ਉਤਾਰ ਲਿਆ।