ਪੱਤਰ ਪ੍ਰੇਰਕ
ਰਾਜਪੁਰਾ, 21 ਜੁਲਾਈ
ਇਸ ਖੇਤਰ ਦੇ ਮੁਸਲਮਾਨ ਭਾਈਚਾਰੇ ਵੱਲੋਂ ਇਥੋਂ ਦੀ ਪੁਰਾਣੀ ਕਚਹਿਰੀ ਨੇੜੇ ਜਾਮਾ ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ, ਡਾ. ਗੁਲਜ਼ਾਰ, ਮਿਰਜ਼ਾ ਮੁਹੰਮਦ ਨਸੀਮ ਦੀ ਅਗਵਾਈ ਵਿੱਚ ਨਮਾਜ਼ ਅਦਾ ਕਰਕੇ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕੀਤੀ ਗਈ ਅਤੇ ਵਧਾਈਆਂ ਦਿੱਤੀਆਂ। ਇਸੇ ਦੌਰਾਨ ਕਸਬਾ ਘਨੌਰ ਦੀ ਜਾਮਾ ਮਸਜਿਦ ਵਿੱਚ ਨੇੜਲੇ ਪਿੰਡਾਂ ਤੋਂ ਆਏ ਵੱਡੀ ਗਿਣਤੀ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਪੜ੍ਹ ਕੇ ਈਦ ਦਾ ਤਿਉਹਾਰ ਮਨਾਇਆ ਗਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਦੋਧੀ ਡੈਅਰੀ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਅਤੇ ਅਜੈਬ ਸਿੰਘ ਖਜ਼ਾਨਚੀ ਸਮੇਤ ਸਾਰੇ ਦੋਧੀ ਵੀਰਾਂ ਨਾਲ ਮਿਲ ਕੇ ਈਦ ਦਾ ਤਿਉਹਾਰ ਮਨਾਇਆ। ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਸਮੂਹ ਮੈਂਬਰਾਂ ਨੇ ਸੁਲਤਾਨ ਖਾਂ, ਰੁਸਤਮ ਖਾਂ, ਬਸ਼ੀਰ ਖਾਂ ਅਤੇ ਸੋਨੀ ਖਾਂ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਸਾਂਝੀ ਕੀਤੀ। ਇਸੇ ਤਰ੍ਹਾਂ ਪਿੰਡ ਰਾਏ ਸਿੰਘ ਵਾਲਾ ਵਿੱਚ ਬਕਰੀਦ ਦੀ ਨਮਾਜ਼ ਪੜ੍ਹੀ ਗਈ।
ਈਦ ਮੌਕੇ ਕਿਸਾਨ ਸੰਘਰਸ਼ ਦੀ ਸਫ਼ਲਤਾ ਲਈ ਦੁਆ ਮੰਗੀ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਜਾਮਾ ਮਸਜਿਦ ’ਚ ਮੁਸਲਮਾਨ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ। ਮਸਜਿਦ ਦੇ ਮੌਲਵੀ ਖਲੀਲ ਅਹਿਮਦ ਵੱਲੋਂ ਦੇਸ਼ ਤੇ ਲੋਕਾਂ ਦੀ ਖੁਸ਼ਹਾਲੀ ਲਈ ਨਮਾਜ਼ ਅਦਾ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਦਿੱਲੀ ’ਚ ਚੱਲ ਰਹੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ਕਾਰੀ ਕਿਸਾਨਾਂ ਦੀ ਕਾਮਯਾਬੀ ਲਈ ਦੁਆ ਵੀ ਕੀਤੀ ਗਈ। ਇਸ ਮੌਕੇ ਜਨਾਬ ਬੀਰਬਲ ਖਾਨ ਪ੍ਰਧਾਨ ਮਸਜਿਦ ਕਮੇਟੀ ਲਹਿਰਾਗਾਗਾ ਵੱਲੋਂ ਸਭ ਨੂੰ ਈਦ ਮੁਬਾਰਕ ਆਖਦੇ ਹੋਏ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ।