ਪੱਤਰ ਪ੍ਰੇਰਕ
ਲਹਿਰਾਗਾਗਾ, 14 ਮਈ
ਇਥੇ ਮਸਜਿਦ ’ਚ ਮੁਸਲਮਾਨ ਭਾਈਚਾਰੇ ਵੱਲੋਂ ਸਰਕਾਰ ਵੱਲੋਂ ਕਰੋਨਾ ਸਬੰਧੀ ਕੀਤੀਆਂ ਸਾਵਧਾਨੀਆਂ ਨੂੰ ਮੁੱਖ ਰੱਖਦੇ ਹੋਏ ਮਾਸਕ ਪਹਿਨਕੇ, ਸੈਨੇਟਾਈਜ਼ਰ ਹੋਣ ਪਿੱਛੋਂ ਸਮਾਜਿਕ ਦੂਰੀ ਰੱਖ ਕੇ ਸੰਕੇਤਕ ਈਦ ਦਾ ਦਿਹਾੜਾ ਮਨਾਇਆ ਗਿਆ। ਮਸਜਿਦ ਦੇ ਮੁੱਖ ਈਮਾਮ ਮੁਲਾਣਾ ਖਲੀਲ ਅਹਿਮਦ ਨੇ ਨਮਾਜ਼ ਦੀ ਰਸਮ ਅਦਾ ਕੀਤੀ ਤੇ ਕਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਦੁਆ ਕੀਤੀ। ਮਸਜਿਦ ਕਮੇਟੀ ਦੇ ਪ੍ਰਧਾਨ ਬੀਰਬਲ ਖਾਂ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਰਕੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਈਦ ਮੌਕੇ ਨਮਾਜ਼ ਆਪਣਾ ਘਰਾਂ ’ਚ ਪੜ੍ਹਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੁਸਲਮਾਨ ਭਾਈਚਾਰੇ ਦੀ ਬੇਹਤਰੀ ਲਈ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਸ਼ਲਾਘਾ ਕੀਤੀ।
ਰਾਜਪੁਰਾ (ਪੱਤਰ ਪ੍ਰੇਰਕ): ਇਥੋਂ ਦੇ ਮੁਸਲਮਾਨ ਭਾਈਚਾਰੇ ਵੱਲੋਂ ਕੋਵਿਡ-19 ਮਹਾਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਨੁਸਾਰ ਈਦ-ਉਲ-ਫਿਤਰ ਦਾ ਤਿਉਹਾਰ ਕੋਈ ਵੱਡਾ ਸਮਾਗਮ ਨਾ ਕਰ ਕੇ ਆਪੋ ਆਪਣੇ ਘਰਾਂ ਵਿੱਚ ਨਮਾਜ਼ ਅਦਾ ਕਰਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੁਰਾਣੀ ਕਚਹਿਰੀ ਨੇੜਲੀ ਜਾਮਾ ਮਸਜਿਦ ਭਠਿਆਰਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਸਮੇਤ ਹੋਰ ਆਗੂਆਂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਘਨੌਰ (ਪੱਤਰ ਪ੍ਰੇਰਕ): ਖੇਤਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਗਈ।
ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਦਾ ਮੂੰਹ ਮਿੱਠਾ ਕਰਵਾ ਕੇ ਮਨਾਈ ਈਦ
ਸੰਦੌੜ (ਪੱਤਰ ਪ੍ਰੇਰਕ): ਰਮਜ਼ਾਨ ਦੇ ਮਹੀਨੇ ਉਪਰੰਤ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ-ਉਲ-ਫਿਤਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਅਹੁਦੇਦਾਰਾਂ ਨੇ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਮਨਾਇਆ। ਪਿੰਡ ਖੁਰਦ ਵਿੱਚ ਸਿੱਖ ਭਾਈਚਾਰੇ ਵੱਲੋਂ ਮੱਕਾ ਮਸਜਿਦ ਵਿਖੇ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਤਿਉਹਾਰ ਮਨਾਇਆ ਗਿਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗਾਮਾ ਮੁਹੰਮਦ, ਤੁਫੈਲ ਮੁਹੰਮਦ, ਜਾਨੀ ਖਾਂ, ਠੇਕੇਦਾਰ ਹਾਕਮ ਸਿੰਘ ਆਦਿ ਹਾਜ਼ਰ ਸਨ।