ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਮਈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਇਥੇ ‘ ਮੇਰਾ ਮਾਣ ’ ਕੋਡਿੰਗ ਬੂਟ ਕੈਂਪ ਪ੍ਰਾਜੈਕਟ ਦਾ ਆਗਾਜ਼ ਕੀਤਾ ਗਿਆ। ਇਹ ਪੂਰੇ ਪੰਜਾਬ ਵਿੱਚ ਆਪਣੀ ਕਿਸਮ ਦਾ ਅਜਿਹਾ ਪਹਿਲਾ ਪ੍ਰਾਜੈਕਟ ਹੈ, ਜੋ ਜ਼ਿਲ੍ਹੇ ਵਿੱਚ ‘ਮਹਿਲਾ ਸਸ਼ਕਤੀਕਰਨ’ ਨੂੰ ਵਿਆਪਕ ਪੱਧਰ ’ਤੇ ਉਤਸ਼ਾਹਿਤ ਕਰਨ ਵਿੱਚ ਮਿਸਾਲ ਸਾਬਤ ਹੁੰਦਿਆਂ ਨੇੜਲੇ ਭਵਿੱਖ ਵਿੱਚ ਮਹਿਲਾ ਕਪੈਸਟੀ ਬਿਲਡਿੰਗ ਵਿਕਸਤ ਕਰਨ ਵਿੱਚ ਸਹਾਈ ਹੋਵੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਾਜੈਕਟ ਦੇ ਰਸਮੀ ਉਦਘਾਟਨ ਕਰਨ ਮਗਰੋਂ ਡੀਸੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਕੌਮਾਂਤਰੀ ਪੱਧਰ ਦੀ ਕੰਪਨੀ ‘ਕਲਿੱਕਲੈਬਸ’ ਦੇ ਸੀਈਓ ਸਮਰ ਸਿੰਗਲਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਜੋ ਮੂਲ ਰੂਪ ਵਿੱਚ ਸੰਗਰੂਰ ਦੇ ਵਾਸੀ ਹਨ ਅਤੇ ਵਿਦੇਸ਼ ਵਿੱਚ ਵਸਣ ਦੇ ਬਾਵਜੂਦ ਆਪਣੇ ਜ਼ਿਲ੍ਹੇ ਲਈ ਕੁਝ ਨਿਵੇਕਲਾ ਕਰਨ ਦੀ ਇੱਛਾ ਰੱਖਦੇ ਹਨ। ਜ਼ਿਲ੍ਹੇ ਵਿੱਚ ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਕੰਪਿਊਟਰ ਕੋਡਿੰਗ ਦੀ ਮੁਢਲੀ ਜਾਣਕਾਰੀ ਰੱਖਦੀਆਂ ਲੜਕੀਆਂ ਨੂੰ ਛੇ ਮਹੀਨਿਆਂ ਦੇ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ ਜਿਸ ਦੇ ਇਵਜ਼ ਵਿੱਚ ਕੰਪਨੀ ਇਨ੍ਹਾਂ ਲੜਕੀਆਂ ਨੂੰ 5 ਹਜ਼ਾਰ ਰੁਪਏ ਦਾ ਵਜ਼ੀਫ਼ਾ ਪ੍ਰਦਾਨ ਕਰੇਗੀ ਅਤੇ ਆਪਣੀ ਮਿਹਨਤ ਸਦਕਾ ਪਹਿਲੇ ਤਿੰਨ ਚਾਰ ਮਹੀਨਿਆਂ ਵਿੱਚ ਹੀ ਕੋਡਿੰਗ ਵਿੱਚ ਨਿਪੁੰਨਤਾ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ 15 ਤੋਂ 20 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਦੋ ਬੈਚ ਆਰੰਭ ਕੀਤੇ ਗਏ ਹਨ। ਜਿਹੜੀਆਂ ਲੜਕੀਆਂ ਕੋਲ ਲੈਪਟਾਪ ਜਾਂ ਕੰਪਿਊਟਰ ਨਹੀਂ ਹਨ ਉਨ੍ਹਾਂ ਨੂੰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਹ ਸੁਵਿਧਾ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨੌਕਰੀ ਲਈ ਚੋਣ ਕੀਤੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਲੈਪਟਾਪ ਜਾਂ ਕੰਪਿਊਟਰ ਦਿੱਤੇ ਜਾਣਗੇ। ਏਡੀਸੀ (ਵਿਕਾਸ) ਵਰਜੀਤ ਵਾਲੀਆ, ਏਡੀਸੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਮੌਜੂਦ ਸਨ।