ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਜੂਨ
ਕੈਪਟਨ ਸਰਕਾਰ ਵੱਲੋਂ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਮਕਾਉਣ ਦੇ ਰੋਸ ‘ਚ ਮੁਲਾਜ਼ਮਾਂ ਨੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ, ਜਸਵੰਤ ਸਿੰਘ ਬਨਭੌਰੀ, ਨਿਰਮਲ ਸਿੰਘ ਫਲੌਂਡ, ਨਾਹਰ ਸਿੰਘ ਮੁਬਾਰਿਕਪੁਰੀ, ਗੁਲਜ਼ਾਰ ਖ਼ਾਂ ਤੇ ਕੁਲਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 6ਵੇਂ ਤਨਖ਼ਾਹ ਕਮਸ਼ਿਨ ਦੀ ਮਿਆਦ ਵਿੱਚ 31 ਅਗਸਤ 2021 ਤੱਕ ਵਾਧਾ ਕਰਕੇ ਪੰਜਾਬ ਦੇ ਸਰਕਾਰੀ-ਅਰਧ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ 2017 ਦੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਤਾਂ ਪਹਿਲਾਂ ਹੀ ਮੁੱਕਰ ਚੁੱਕੀ ਹੈ, ਹੁਣ ਪੰਜਾਬ ਵਿਧਾਨ ਸਭਾ ‘ਚ ਕੀਤੇ ਵਾਅਦਿਆਂ ਤੋਂ ਵੀ ਮੁਨਕਰ ਹੋ ਗਈ ਹੈ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਮੁਲਾਜ਼ਮ ਜਥੇਬੰਦੀਆਂ ਨਾਲ ਵਿਚਾਰਨ ਉਪਰੰਤ ਲੋੜੀਂਦੀਆਂ ਸੋਧਾਂ ਨਾਲ 1 ਜੂਨ 2016 ਤੋਂ ਤੁਰੰਤ ਲਾਗੂ ਕਰਕੇ ਬਣਦਾ ਏਰੀਅਰ ਦਿੱਤਾ ਜਾਵੇ, ਹਰ ਤਰ੍ਹਾਂ ਦੇ ਕੱਚੇ, ਠੇਕਾ, ਆਊਟਸੋਰਸ ਅਤੇ ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਮੈਡੀਕਲ ਭੱਤਾ 2500/ਰੁਪਏ ਮਹੀਨਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ।
ਘਨੌਰ (ਗੁਰਪ੍ਰੀਤ ਸਿੰਘ): ਪੰਜਾਬ ਅਤੇ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਗਏ ਸੱਦੇ ’ਤੇ ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਘਨੌਰ ਦੇ ਮੁਲਾਜ਼ਮਾਂ ਨੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਮੰਡੌਲੀ ਹੈੱਡ ਵਿੱਚ ਯੂਨੀਅਨ ਆਗੂਆਂ ਪ੍ਰਕਾਸ਼ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਮੇਹਰ ਸਿੰਘ ਅਤੇ ਬੰਤ ਰਾਮ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਛੇਵੇਂ ਪੇਅ ਕਮਿਸ਼ਨ ਦੀ ਮਿਆਦ 31 ਅਗਸਤ ਤੱਕ ਵਧਾਉਣ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਜਲ ਸਰੋਤ ਵਿਭਾਗ ਦੇ ਫੀਲਡ ਮੁਲਾਜ਼ਮਾਂ ਨੇ ਪਿਛਲੇ ਦਿਨੀਂ ਵਿਛੋੜੇ ਦੇ ਗਏ ਮੁਲਾਜਮ ਲਹਿਰ ਦੇ ਆਗੂਆਂ ਸੁਖਦੇਵ ਸਿੰਘ ਬੜੀ, ਗੁਰਦੀਪ ਸਿੰਘ ਬਰਾੜ ਅਤੇ ਸੱਜਣ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।