ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਸਤੰਬਰ
ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਦੀ ਭਾਵੇਂ ਸ਼ੁਰੂਆਤ ਨਹੀਂ ਹੋ ਸਕੀ, ਪਰ ਝੋਨੇ ਦੀ ਅਗੇਤੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ। ਪਾਤੜਾਂ ਦੀ ਅਨਾਜ ਮੰਡੀ ਵਿੱਚ ਬਾਸਮਤੀ ਦੀ ਕਿਸਮ-1509 ਦੀ ਆਮਦ ਉਪਰੰਤ ਅੱਜ ਵਪਾਰੀਆਂ ਨੇ ਬਾਸਮਤੀ ਦੀ ਖ਼ਰੀਦ 1900 ਤੋਂ 2100 ਤੱਕ ਪ੍ਰਤੀ ਕੁਇੰਟਲ ਕੀਤੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 600 ਤੋਂ 700 ਰੁਪਏ ਪ੍ਰਤੀ ਕੁਇੰਟਲ ਘੱਟ ਹੋਣ ਕਾਰਨ ਕਿਸਾਨ ਚਿੰਤਾ ਦੇ ਆਲਮ ’ਚ ਹਨ। ਖੇਤੀ ਆਰਡੀਨੈਂਸਾਂ ਖ਼ਿਲਾਫ਼ ਸੰਘਰਸ਼ ਲੜ ਰਹੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਖਤਮ ਕੀਤੀ ਗਈ ਐੱਮਐੱਸਪੀ ਦੇ ਨਤੀਜੇ ਹੁਣੇ ਤੋਂ ਮਿਲਣੇ ਸ਼ੁਰੂ ਹੋ ਗਏ ਹਨ।
ਇਸ ਮੌਕੇ ਫ਼ਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਤੇ ਖੇਤੀਬਾੜੀ ਵਿਭਾਗ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨ ਲਈ ਪਾਣੀ ਦੀ ਬੱਚਤ ਕਰਨ ਦਾ ਪ੍ਰਚਾਰ ਕਰ ਰਹੀ ਹੈ, ਦੂਜੇ ਪਾਸੇ ਸਰਕਾਰ ਵੱਲੋਂ ਸਮਰਥਨ ਮੁੱਲ ਨਾ ਤੈਅ ਕਰਨ ਕਾਰਨ ਵਪਾਰੀਆਂ ਵੱਲੋਂ ਮਨਮਰਜ਼ੀ ਦੇ ਰੇਟ ਨਾਲ ਫ਼ਸਲ ਦੀ ਘੱਟ ਰੇਟ ‘ਤੇ ਖ਼ਰੀਦ ਕਰ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ।
ਫ਼ਸਲ ਸੁਕਾ ਕੇ ਲਿਆਉਣ ਦੀ ਅਪੀਲ
ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਖ਼ਰੀਦ ਕੇਂਦਰਾਂ ‘ਤੇ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨੂੰ ਕੁਝ ਦਿਨਾਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਸੁਕਾ ਕੇ ਅਤੇ ਸਾਫ਼ ਸੁਥਰੀ ਕਰ ਕੇ ਮੰਡੀ ਵਿੱਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਫ਼ਸਲ ਵੇਚਣ ਸਮੇਂ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਸਰਕਾਰੀ ਖਰੀਦ ਕੁਝ ਦਿਨਾਂ ਤੱਕ ਸ਼ੁਰੂ ਹੋਣੀ ਹੈ ਪਰ ਮਾਰਕੀਟ ਕਮੇਟੀ ਪਾਤੜਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਧੂਰੀ ਦੀ ਅਨਾਜ ਮੰਡੀ ਦੀ ਹਾਲਤ ਬੇਹੱਦ ਮਾੜੀ
ਧੂਰੀ (ਪਵਨ ਕੁਮਾਰ ਵਰਮਾ): ਦੇਸ਼ ’ਚ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੀ ਅਨਾਜ ਮੰਡੀ ਧੂਰੀ ਲੰਮੇ ਸਮੇਂ ਤੋਂ ਸਰਕਾਰ ਦੀ ਮਿਹਰ ਤੋਂ ਵਾਂਝੀ ਹੈ। ਆਪਣੀ ਫ਼ਸਲ ਵੇਚਣ ਆਉਂਦੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਤੇ ਮੰਡੀ ਦੇ ਆੜ੍ਹਤੀਆਂ ਨੂੰ ਕਾਫ਼ੀ ਸਮੱਸਿਆਵਾਂ ਨਾਲ ਜੂਝਣਾ ਪੈ ਜਿਹਾ ਹੈ। ਅਨਾਜ ਮੰਡੀ ਵਿੱਚ ਸਫ਼ਾਈ ਦੀ ਹਾਲਤ ਤਾਂ ਬਦਤਰ ਹੋ ਰਹੀ ਹੈ। ਥਾਂ-ਥਾਂ ਲੱਗੇ ਪਏ ਗੰਦਗੀ ਅਤੇ ਕੂੜੇ ਦੇ ਢੇਰ ਪਏ ਹਨ। ਆੜ੍ਹਤੀਆਂ ਮੇਜਰ ਸਿੰਘ ਬਾਦਸ਼ਾਪੁਰ ਅਤੇ ਦਲਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਫੜਾਂ ਵਿੱਚ ਲੰਮੇ ਸਮੇਂ ਤੋਂ ਗੰਦਗੀ ਆਦਿ ਪਈ ਹੈ ਅਤੇ ਅਵਾਰਾ ਪਸ਼ੂਆਂ ਦਾ ਗੋਹਾ ਆਦਿ ਵੀ ਖਿਲਰਿਆ ਪਿਆ ਹੈ। ਇੱਥੇ ਅਨਾਜ ਮੰਡੀ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਨਾਲ ਟੈਂਕੀ ਵਾਲੇ ਰਸਤੇ ’ਤੇ ਕਾਫ਼ੀ ਗੰਦਗੀ ਹੈ। ਧੂਰੀ ਤੋਂ ਦੋਹਲਾ ਦਰਵਾਜ਼ੇ ਅੱਗਿਓਂ ਨਵੀਂ ਅਨਾਜ ਮੰਡੀ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਟੋਏ ਪਏ ਹੋਏ ਹਨ। ਲੋਕਾਂ ਨੇ ਮੰਗ ਕੀਤੀ ਕਿ ਮੰਡੀ ਤੇ ਫੜਾਂ ਦੀ ਸਫ਼ਾਈ ਝੋਨੇ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਈ ਜਾਵੇ। ਧੂਰੀ ਅਨਾਜ ਮੰਡੀ ਵਿੱਚ ਕਿਸਾਨਾਂ ਦੇ ਆਰਾਮ ਕਰਨ ਲਈ ਕੋਈ ਵੀ ਥਾਂ ਨਹੀਂ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇੱਥੇ ਤਜੀਵਜ਼ਤ ਵਿਕਾਸ ਭਵਨ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ। ਮਾਰਕੀਟ ਕਮੇਟੀ ਦੇ ਚੇਅਰਮੈਨ ਮਨੀਸ਼ ਗਰਗ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਦੇ ਫੜਾ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।