ਧੂਰੀ: ਵਪਾਰ ਮੰਡਲ ਧੂਰੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਕਾਸ ਜੈਨ ਨੇ ਇਥੇ ਸਥਿਤ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਤੇ ਸਥਾਨਕ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਪ੍ਰੋ. ਓਂਕਾਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਈ-ਸਟੈਂਪਿੰਗ ਪ੍ਰਣਾਲੀ ਨੂੰ ਪਹਿਲਾਂ ਵਾਂਗ ਮੈਨੂਅਲ ਤਰੀਕੇ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਈ-ਸਟੈਂਪਿੰਗ ਪ੍ਰਣਾਲੀ ਦੇ ਆਮ ਲੋਕਾਂ ਨੂੰ ਫਾਇਦਿਆਂ ਨਾਲੋਂ ਕਈ ਗੁਣਾ ਵੱਧ ਨੁਕਸਾਨ ਹੋ ਰਿਹਾ ਹੈ ਅਤੇ ਤਹਿਸੀਲਾਂ ਵਿੱਚ ਲੋਕਾਂ ਨੂੰ ਲੰਮੀਆਂ ਕਤਾਰਾਂ ’ਚ ਲੱਗ ਕੇ ਅਸ਼ਟਾਮ ਲੈਣੇ ਪੈ ਰਹੇ ਹਨ। ਸ੍ਰੀ ਵਿਕਾਸ ਜੈਨ ਦੀ ਗੱਲ ਨੂੰ ਪ੍ਰਮੁੱਖਤਾ ਨਾਲ ਮੁੱਖ ਮੰਤਰੀ ਤੱਕ ਰੱਖੇ ਜਾਣ ਦੀ ਗੱਲ ਕਰਦਿਆਂ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ।-ਨਿੱਜੀ ਪੱਤਰ ਪ੍ਰੇਰਕ