ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 70 ਦੇ ਕਰੀਬ ਵਿਅਕਤੀਆਂ ਨੂੰ ਪੇਚਸ਼ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦਾ ਪਤਾ ਲੱਗਣ ’ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪੀੜਤਾਂ ਦੀ ਜਾਂਚ ਕੀਤੀ।
ਇਸ ਸਬੰਧੀ ਐੱਸਐੱਮਓ (ਭਵਾਨੀਗੜ੍ਹ) ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਪਿੰਡ ਦੀ ਮਲੇਰ ਪੱਤੀ ਦੇ ਘਰਾਂ ਵਿੱਚ ਲੋਕ ਦੂਸ਼ਿਤ ਪਾਣੀ ਪੀਣ ਕਾਰਨ ਪੇਚਸ਼ ਦੀ ਲਪੇਟ ਵਿੱਚ ਆ ਗਏ ਹਨ। ਹੁਣ ਤੱਕ ਸਿਹਤ ਵਿਭਾਗ ਕੋਲ ਕਰੀਬ 70 ਮਰੀਜ਼ ਰਿਪੋਰਟ ਹੋਏ ਹਨ ਜਿਨ੍ਹਾਂ ਵਿੱਚ 2 ਬੱਚੇ ਵੀ ਹਨ। ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਟੀਮਾਂ ਨੇ ਮਰੀਜ਼ਾਂ ਦਾ ਘਰਾਂ ’ਚ ਹੀ ਇਲਾਜ ਸ਼ੁਰੂ ਕਰ ਦਿੱਤਾ। ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਸਮੇਤ ਪਾਣੀ ਉਬਾਲ ਕੇ ਤੇ ਓਆਰਐੱਸ ਦਾ ਘੋਲ ਦਿੱਤਾ ਜਾ ਰਿਹਾ ਹੈ ਤੇ ਬਾਕੀ ਲੋਕਾਂ ਨੂੰ ਟੂਟੀ ਦਾ ਪਾਣੀ ਨਾ ਪੀਣ ਬਾਰੇ ਕਿਹਾ ਗਿਆ ਹੈ।
ਡਾ. ਆਹੂਜਾ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਣੀ ਦੂਸ਼ਿਤ ਕਿਵੇਂ ਹੋਇਆ, ਫਿਲਹਾਲ ਲੋਕਾਂ ਲਈ ਸ਼ਹਿਰ ਤੋਂ ਟੈਂਕਰਾਂ ਰਾਹੀਂ ਪਾਣੀ ਮੰਗਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਨਾਲੋਂ-ਨਾਲ ਪਿੰਡ ’ਚ ਸਰਵੇ ਕਰਨ ਵਿੱਚ ਵੀ ਜੁਟਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ 4 ਮਰੀਜ਼ਾਂ ਵਿੱਚੋਂ 3 ਮਰੀਜ਼ ਠੀਕ ਹੋਣ ਕਾਰਨ ਘਰ ਚਲੇ ਗਏ। ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਅਤੇ ਭਵਾਨੀਗੜ੍ਹ ਦੇ ਤਹਿਸੀਲਦਾਰ ਨੇ ਵੀ ਬਿਮਾਰ ਲੋਕਾਂ ਦਾ ਹਾਲ-ਚਾਲ ਜਾਣਿਆ। ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਰੋਨਿਤ ਸਿੰਘ, ਸੀਐੱਚਓ ਸੰਦੀਪ ਕੌਰ, ਆਸ਼ਾ ਵਰਕਰਜ਼, ਏਐੱਨਐੱਮ ਅਤੇ ਮੇਲ ਵਰਕਰਜ਼ ਸ਼ਾਮਲ ਹਨ।
ਸਿਹਤ ਵਿਭਾਗ ਦੀ ਸਮੁੱਚੀ ਟੀਮ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ। ਪੇਚਸ਼ ਦੀ ਲਪੇਟ ’ਚ ਆਏ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਹੈ। ਐੱਸਡੀਐੱਮ ਭਵਾਨੀਗੜ੍ਹ ਦੀਆਂ ਹਦਾਇਤਾਂ ’ਤੇ ਨਾਇਬ ਤਹਿਸੀਲਦਾਰ ਮੰਗੂ ਬਾਂਸਲ ਵੱਲੋਂ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨਾਲ ਪਿੰਡ ਵਿੱਚ ਜਾ ਕੇ ਘਰਾਂ ਵਿੱਚ ਇਲਾਜ ਲੈ ਰਹੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਗਿਆ।