ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਗ਼ਦਰ ਮੈਮੋਰੀਅਲ ਭਵਨ ਵਿੱਚ ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ਵਿੱਚ 18 ਤੋਂ 20 ਅਗਸਤ ਤੱਕ ਲਾਏ ਜਾ ਰਹੇ ਤਿੰਨ ਰੋਜ਼ਾ ਧਰਨੇ ਵਿੱਚ ਸ਼ਾਮਲ ਹੋਣ ਸਬੰਧੀ ਡਿਊਟੀਆਂ ਲਾਈਆਂ ਗਈਆਂ ਅਤੇ ਜ਼ਿਲ੍ਹੇ ’ਚ ਪਸ਼ੂਆਂ ਅੰਦਰ ਲੰਪੀ ਸਕਿਨ ਬਿਮਾਰੀ ਵਧਣ ’ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਪਸ਼ੂਆਂ ਵਿੱਚ ਫੈਲ ਰਹੀ ਇਸ ਬਿਮਾਰੀ ਨੂੰ ਰੋਕਣ ਲਈ ਫੌਰੀ ਗੰਭੀਰ ਕਦਮ ਚੁੱਕੇ ਜਾਣ, ਖਾਲੀ ਪਈਆਂ ਵੈਟਰਨਰੀ ਡਾਕਟਰਾਂ ਅਤੇ ਸਟਾਫ਼ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਫੀਲਡ ਸਟਾਫ਼ ਵਿੱਚ ਵਾਧਾ ਕੀਤਾ ਜਾਵੇ ਅਤੇ ਮਰ ਚੁੱਕੇ ਪਸ਼ੂਆਂ ਲਈ ਕਿਸਾਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਣ ਅਤੇ ਮਰੇ ਪਸ਼ੂਆਂ ਨੂੰ ਦੱਬਣ ਦਾ ਪ੍ਰਬੰਧ ਕੀਤਾ ਜਾਵੇ।
ਮੀਟਿੰਗ ਮਗਰੋਂ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੰਘਰਸ਼ ਦੌਰਾਨ ਕਿਸਾਨਾਂ ’ਤੇ ਪਾਏ ਸਾਰੇ ਕੇਸ ਰੱਦ ਕੀਤੇ ਜਾਣਗੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ਐੱਮਐੱਸਪੀ ਸਬੰਧੀ ਕਾਨੂੰਨ ਬਣਾਉਣ ਲਈ ਕਿਸਾਨ ਆਗੂਆਂ ਨੂੰ ਸ਼ਾਮਲ ਕਰਕੇ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਲਖੀਮਪੁਰ ਖੀਰੀ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਕੇ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਜ਼ੀਆਬਾਦ ਵਿੱਚ ਮੀਟਿੰਗ ਕਰ ਕੇ ਮੋਰਚਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਹ ਮੋਰਚਾ ਲਖੀਮਪੁਰ ਖੀਰੀ ਦੀ ਧਰਤੀ ’ਤੇ ਤਿੰਨ ਦਿਨ ਚੱਲੇਗਾ।