ਖੇਤਰੀ ਪ੍ਰਤੀਨਿਧ
ਧੂਰੀ, 17 ਅਕਤੂਬਰ
ਇੱਥੇ ਧੂਰੀ-ਸੰਗਰੂਰ ਰੋਡ ’ਤੇ ਪਿੰਡ ਲੱਡਾ ਨੇੜੇ ਸਥਿਤ ਟੌਲ ਪਲਾਜ਼ਾ ਹਟਾਉਣ ਤੋਂ ਬਾਅਦ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਇੱਥੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਲੰਘੀ 4 ਸਤੰਬਰ ਨੂੰ ਟੌਲ ਪਲਾਜ਼ਾ ਦੀ ਮਿਆਦ ਪੁੱਗਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਲਾਜ਼ਾ ਦੀ ਮਿਆਦ ਵਧਾਉਣ ਦੀ ਬਜਾਇ ਸੰਗਰੂਰ-ਲੁਧਿਆਣਾ ਰੋਡ ’ਤੇ ਪਿੰਡ ਲੱਡਾ ਨੇੜਲੇ ਅਤੇ ਪਿੰਡ ਲਹਿਰਾ ਨੇੜਲੇ ਟੌਲ ਪਲਾਜ਼ਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਟੌਲ ਟੈਕਸ ਉਗਰਾਹੁਣ ਲਈ ਸੜਕ ਉਪਰ ਬਣਾਏ ਗਏ ਕੈਬਿਨ, ਵਾਹਨ ਰੋਕਣ ਲਈ ਲਗਾਏ ਫਾਟਕਾਂ ਸਮੇਤ ਹੋਰ ਸਾਮਾਨ ਹਟਾ ਲਿਆ ਗਿਆ ਸੀ। ਇਸ ਤੋਂ ਬਾਅਦ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਇੱਥੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ’ਚ ਰੋਸ ਹੈ। ਇਸ ਸਬੰਧੀ ਭਾਜਪਾ ਆਗੂ ਭੂਪੇਸ਼ ਜਿੰਦਲ ਨੇ ਕਿਹਾ ਕਿ ਰਾਤ ਸਮੇਂ ਹਨੇਰਾ ਹੋਣ ਕਾਰਨ ਇਸ ਸੜਕ ’ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਇਸ ਸਮੱਸਿਆ ਦੇ ਹੱਲ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਬੀ ਐਂਡ ਆਰ ਦੇ ਐੱਸਡੀਓ ਹਰਸ਼ ਗੋਇਲ ਨੇ ਕਿਹਾ ਕਿ ਇਸ ਸਬੰਧੀ ਟੈਂਡਰ ਪਾਇਆ ਜਾ ਚੁੱਕਾ ਹੈ ਅਤੇ ਜਲਦੀ ਹੀ ਅਲਾਟ ਹੋਣ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।