ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਅਪਰੈਲ
ਅਨਾਜ ਮੰਡੀ ਭਵਾਨੀਗੜ੍ਹ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿੱਚ ਖਰੀਦੀ ਗਈ ਕਣਕ ਦੀ ਚੁਕਾਈ ਸ਼ੁਰੂ ਨਾ ਹੋਣ ਕਾਰਨ ਕਣਕ ਦੇ ਭਰੇ ਥੈਲਿਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਰਿਕਾਰਡ ਅਨੁਸਾਰ 22 ਅਪਰੈਲ ਦੀ ਸ਼ਾਮ ਤੱਕ ਤੱਕ ਅਨਾਜ ਮੰਡੀ ਵਿੱਚ 4 ਲੱਖ 3400 ਕੁਇੰਟਲ ਕਣਕ ਖਰੀਦੀ ਗਈ ਹੈ ਅਤੇ ਖਰੀਦੀ ਗਈ ਕਣਕ ਵਿੱਚੋਂ ਸਿਰਫ਼ 68 ਹਜ਼ਾਰ ਕੁਇੰਟਲ ਕਣਕ ਦੀ ਚੁਕਾਈ ਹੋਈ ਹੈ ਜਿਸ ਕਾਰਨ ਖਰੀਦੀ ਗਈ ਕਣਕ ਵਿੱਚੋਂ 3 ਲੱਖ 35 ਹਜ਼ਾਰ 100 ਕੁਇੰਟਲ ਕਣਕ ਅਜੇ ਮੰਡੀ ਵਿੱਚ ਪਈ ਹੈ। ਜੇਕਰ ਚੁਕਾਈ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਮੰਡੀ ਵਿੱਚ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਥਾਂ ਦੀ ਵੱਡੀ ਦਿੱਕਤ ਖੜੀ ਹੋ ਜਾਵੇਗੀ।
ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਮਜ਼ਦੂਰਾਂ ਦੀ ਹੜਤਾਲ ਖਤਮ ਹੋਣ ਕਾਰਨ ਅੱਜ ਚੁਕਾਈ ਦਾ ਕੰਮ ਸ਼ੁਰੂ ਹੋਣਾ ਸੀ, ਪਰ ਅੱਜ ਸਵੇਰੇ ਹੀ ਮੀਂਹ ਪੈਣ ਕਾਰਨ ਦਿੱਕਤ ਖੜੀ ਹੋ ਗਈ। ਉਨ੍ਹਾਂ ਕਿਹਾ ਕਿ 24 ਅਪਰੈਲ ਨੂੰ ਲਿਫਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।