ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਜੁਲਾਈ
ਦੋ ਦਹਾਕਿਆਂ ਮਗਰੋਂ ਵੀ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਨਹੀਂ ਹੋ ਸਕਿਆ। ਪਿੰਡ ਖਾਈ ਦੀ ਬਲਵੀਰ ਕੌਰ, ਹਰਦੀਪ ਸਿੰਘ ਤੇ ਪੂਰਨ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਦਾ ਗੰਦਾ ਪਾਣੀ ਇਸ ਖਾਲ ਰਾਹੀਂ ਇਸ ਪਾਸੇ ਆਉਂਦਾ ਹੈ। ਇਸ ਕਰਕੇ ਘਰਾਂ ਵਿੱਚ ਗੰਦਾ ਪਾਣੀ ਵੜ ਜਾਂਦਾ ਹੈ ਅਤੇ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਮੱਸਿਆ ਸਬੰਧੀ ਬੀਬੀ ਰਾਜਿੰਦਰ ਕੌਰ ਭੱਠਲ, ਰਾਹੁਲ ਸਿੱਧੂ, ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਦੇ ਰਹੇ ਪਰ ਮਸਲਾ ਹੱਲ ਨਹੀਂ ਹੋਇਆ। ਹਲਕਾ ਵਿਧਾਇਕ ਬਰਿੰਦਰ ਗੋਇਲ ਨੂੰ ਵੀ ਮਿਲੇ ਅਤੇ ਮੰਗ ਪੱਤਰ ਵੀ ਦਿੱਤੇ ਪਰ ਪਰਨਾਲਾ ਉੱਥੇ ਦਾ ਉੱਥੇ ਹੈ।
ਉਨ੍ਹਾਂ ਕਿਹਾ ਕਿ ਖਾਈ ਦੀ ਪੰਚਾਇਤ ਕਹਿੰਦੀ ਹੈ ਕਿ ਇਹ ਖੇਤਰ ਲਹਿਰਾਗਾਗਾ ਨਗਰ ਕੌਂਸਲ ਦੇ ਅਧੀਨ ਹੈ ਜਦੋਂ ਕਿ ਨਗਰ ਕੌਂਸਲ ਮੁਤਾਬਕ ਇਹ ਨਾਲਾ ਖਾਈ ਪੰਚਾਇਤ ਦੀ ਹੱਦ ਹੈ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਦੇ ਅਤਿ ਨੇੜਲੇ ਸੀਨੀਅਰ ਆਗੂ ਦੀਪਕ ਜੈਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵੇਲੇ ਇਹ ਮਸਲਾ ਧਿਆਨ ਵਿੱਚ ਆਇਆ ਸੀ। ਪਹਿਲਾਂ ਇਸ ਖਾਲ ਵਿੱਚ ਨਹਿਰ ਜਾਂ ਬੋਰ ਦਾ ਪਾਣੀ ਚੱਲਿਆ ਕਰਦਾ ਸੀ, ਪ੍ਰੰਤੂ ਹੁਣ ਇਸ ਤੋਂ ਗੰਦੇ ਨਾਲੇ ਦਾ ਕੰਮ ਲਿਆ ਜਾਂਦਾ ਹੈ। ਪਹਿਲਾਂ ਚੋਣ ਜ਼ਾਬਤਾ, ਫਿਰ ਮੰਤਰੀ ਮੰਤਰੀ ਮੰਡਲ ਦਾ ਵਿਸਥਾਰ ਹੋਣ ਅਤੇ ਫਿਰ ਬਜਟ ਇਜਲਾਸ ਚੱਲਣ ਕਰਕੇ ਇਸ ਮੁਸ਼ਕਲ ਦਾ ਹੱਲ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨਾਲੇ ਦਾ ਪੱਕਾ ਹੱਲ ਕਰ ਕੇ ਲੋਕਾਂ ਨੂੰ ਇਸ ਗੰਦੇ ਪਾਣੀ ਤੋਂ ਨਿਜਾਤ ਦਿਵਾਈ ਜਾਵੇਗੀ।