ਮੁਕੰਦ ਸਿੰਘ ਚੀਮਾ
ਸੰਦੌੜ, 1 ਜੁਲਾਈ
ਪਿੰਡ ਸ਼ੇਰਗੜ੍ਹ ਚੀਮਾ ਵਿੱਚ ਇਕ ਕਿਸਾਨ ਨੇ ਔੜ ਕਾਰਨ ਕੁੱਝ ਦਿਨ ਪਹਿਲਾਂ ਲਗਾਈ ਝੋਨੇ ਦੀ ਫ਼ਸਲ ਅੱਜ ਵਾਹ ਦਿੱਤੀ। ਕਿਸਾਨ ਕਿਸਾਨ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਸ ਨੇ 15 ਦਿਨ ਪਹਿਲਾਂ ਕੱਦੂ ਕਰ ਕੇ ਝੋਨਾ ਲਾਇਆ ਸੀ ਪਰ ਪਿਛਲੇ ਕਈ ਦਿਨਾਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਕਾਰਨ ਉਸ ਦੇ ਖੇਤ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਪੂਰਾ ਪਾਣੀ ਨਾ ਮਿਲਣ ਕਾਰਨ ਇਹ ਸੁੱਕ ਰਹੀ ਸੀ। ਇਸ ਕਾਰਨ ਉਸ ਨੇ ਬਾਕੀ ਖੜ੍ਹੀ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਖੇਤ ਦਾ ਕੁਝ ਰਕਬਾ ਵਾਹ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਜੇ ਬਿਜਲੀ ਵਿਭਾਗ 8 ਘੰਟੇ ਪੂਰੀ ਬਿਜਲੀ ਸਪਲਾਈ ਦਿੰਦਾ ਤਾਂ ਅਜਿਹੀ ਨੌਬਤ ਦਾ ਸਾਹਮਣਾ ਕਿਸਾਨਾਂ ਨੂੰ ਨਾ ਕਰਨਾ ਪੈਂਦਾ। ਇਲਾਕੇ ਵਿੱਚ ਕਈ ਥਾਵਾਂ ’ਤੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜੈਨਰੇਟਰ ਚਲਾਉਣ ਲਈ ਮਜਬੂਰ ਹਨ।