ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜੂਨ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਅੱਜ ਇੱਥੇ ਏਡੀਸੀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦਿਆਂ ਜਾਇਜ਼ ਚੋਣ ਡਿਊਟੀਆਂ ਕਟਾਉਣ ਦੀਆਂ ਅਰਜ਼ੀਆਂ ਸੌਂਪੀਆਂ ਗਈਆਂ। ਵਫ਼ਦ ਨੇ ਮੰਗ ਕੀਤੀ ਕਿ ਗਰਭਵਤੀ ਮਹਿਲਾਵਾਂ, ਦੋ ਸਾਲ ਤੋਂ ਛੋਟੇ ਬੱਚੇ ਵਾਲੀਆਂ ਮਹਿਲਾਵਾਂ, ਅੰਗਹੀਣ, ਗੰਭੀਰ ਬਿਮਾਰੀਆਂ ਵਾਲੇ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਤੁਰੰਤ ਕੱਟੀਆਂ ਜਾਣ। ਇਸ ਤੋਂ ਬਿਨਾਂ ਜਿੱਥੇ ਤੱਕ ਸੰਭਵ ਹੋ ਸਕੇ ਵਿਧਵਾਵਾਂ, ਕਪਲ ਕੇਸ ਵਾਲੀਆਂ ਡਿਊਟੀਆਂ ਵੀ ਕੱਟੀਆਂ ਜਾਣ। ਵਫ਼ਦ ਨੇ ਇਹ ਮੰਗ ਰੱਖੀ ਕਿ ਮਹਿਲਾ ਅਧਿਆਪਕਾਵਾਂ/ਕਰਮਚਾਰੀਆਂ ਦੀਆਂ ਡਿਊਟੀਆਂ ਉਨ੍ਹਾਂ ਦੇ ਬਲਾਕ ਵਿੱਚ ਹੀ ਲਾਈਆਂ ਜਾਣ। ਏਡੀਸੀ (ਵਿਕਾਸ) ਨੇ ਵਫ਼ਦ ਨੂੰ ਪਹਿਲਾਂ ਤਾਂ ਅਰਜ਼ੀਆਂ ਫੜਨ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਸ ਵਾਰ ਐੱਸ.ਡੀ.ਐੱਮ. ਸਥਾਨਕ ਪੱਧਰ ’ਤੇ ਹੀ ਡਿਊਟੀਆਂ ਕੱਟਣ ਦਾ ਕੰਮ ਦੇਖਣਗੇ ਪਰ ਵਫ਼ਦ ਨੇ ਦਲੀਲਾਂ ਅਤੇ ਤੱਥਾਂ ਸਹਿਤ ਇਹ ਗੱਲ ਰੱਖੀ ਕਿ ਪਿਛਲੇ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਐੱਸਡੀਐੱਮ ਪੱਧਰ ’ਤੇ ਕੋਈ ਸੁਣਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਗਰਭਵਤੀ ਮਹਿਲਾਵਾਂ ਚੋਣ ਰਿਹਰਸਲਾਂ ’ਤੇ ਕੜਕਦੀ ਧੁੱਪ ਵਿੱਚ ਕਈ ਵਾਰ ਆਪਣੇ ਬੱਚੇ ਤਕ ਗੁਆ ਲੈਂਦੀਆਂ ਹਨ। ਅਧਿਆਪਕਾਂ ਵੱਲੋਂ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏਡੀਸੀ ਨੂੰ ਵਫ਼ਦ ਨੂੰ ਮੁੜ ਦਫ਼ਤਰ ’ਚ ਬੁਲਾਇਆ ਗਿਆ ਅਤੇ ਸਾਰੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਅਤੇ ਜਾਇਜ਼ ਚੋਣ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ।
ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਾਇਜ਼ ਚੋਣ ਡਿਊਟੀਆਂ ਨਾ ਕੱਟਣ ’ਤੇ ਜੇਕਰ ਡਿਊਟੀ ਦੌਰਾਨ ਕਿਸੇ ਗਰਭਵਤੀ ਮਹਿਲਾ ਦਾ ਕੋਈ ਨੁਕਸਾਨ ਹੁੰਦਾ ਹੈ ਕਿ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਵਫ਼ਦ ਵਿੱਚ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਪਰਵਿੰਦਰ ਉੱਭਾਵਾਲ, ਹਰਭਗਵਾਨ ਗੁਰਨੇ, ਪਵਨ ਨੰਦਗੜ੍ਹ, ਸਤਵੀਰ ਭੋਪਾਲ, ਗੁਰਪ੍ਰੀਤ ਪਸ਼ੌਰ, ਗੁਰਮੀਤ ਸੇਖੂਵਾਸ, ਸੁਖਜਿੰਦਰ ਸਿੰਘ, ਜਸਬੀਰ ਨਮੋਲ ਪਵਨ ਨੰਦਗੜ੍ਹ, ਰਘਵਿੰਦਰ ਸ਼ੇਰਪੁਰ, ਗਗਨਦੀਪ ਧੂਰੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।